ਪਾਕਿ : ਇਮਰਾਨ ਦੀ ਪਾਰਟੀ ਦੀ ਨੇਤਾ ਸ਼ਾਹੀਨ ਰਜ਼ਾ ਦੀ ਕੋਰੋਨਾ ਨਾਲ ਮੌਤ
Wednesday, May 20, 2020 - 06:01 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਭਾਵ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਵਿਧਾਨ ਸਭਾ ਦੀ ਮੈਂਬਰ ਸ਼ਾਹੀਨ ਰਜ਼ਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। 2 ਦਿਨ ਪਹਿਲਾਂ ਹੀ ਸ਼ਾਹੀਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਵਾਇਰਸ ਕਾਰਨ ਕਿਸੇ ਚੁਣੇ ਹੋਏ ਪ੍ਰਤੀਨਿਧੀ ਦੀ ਪਾਕਿਸਤਾਨ ਵਿਚ ਇਹ ਪਹਿਲੀ ਮੌਤ ਹੈ।
ਪੰਜਾਬ ਵਿਧਾਨ ਸਭਾ ਦੀ ਮੈਂਬਰ ਸ਼ਾਹੀਨ ਰਜ਼ਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (PTI) ਦੀ ਮੈਂਬਰ ਸੀ। ਪੀ.ਟੀ.ਆਈ. ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੀ ਪਾਰਟੀ ਹੈ, ਜਿਹਨਾਂ ਦੀ ਦੇਸ਼ ਵਿਚ ਮੌਜੂਦਾ ਸਰਕਾਰ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸ਼ਾਹੀਨ ਰਜ਼ਾ ਨੇ ਬੀਤੇ ਦਿਨੀਂ ਇਕ ਹਸਪਤਾਲ ਦਾ ਦੌਰਾ ਕੀਤਾ ਸੀ। ਉੱਥੋਂ ਹੀ ਉਹ ਕੋਰੋਨਾ ਪਾਜ਼ੇਟਿਵ ਸ਼ਖਸ ਦੇ ਸੰਪਰਕ ਵਿਚ ਆਈ। ਇਸ ਮਗਰੋਂ ਤਬੀਅਤ ਵਿਗੜਨ 'ਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਦੋਂ ਕੀਤੇ ਟੈਸਟ ਵਿਚ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਪੜ੍ਹੋ ਇਹ ਅਹਿਮ ਖਬਰ- ਦੇਸ਼ 'ਚ ਵੱਧ ਪਾਜ਼ੇਟਿਵ ਮਾਮਲੇ ਆਉਣਾ ਮਤਲਬ 'ਮਾਣ ਦੀ ਗੱਲ' : ਟਰੰਪ (ਵੀਡੀਓ)
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਹੀ ਡਿਪਟੀ ਸਪੀਕਰ ਵੀ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨ ਭਾਵੇਂਕਿ ਉਹਨਾਂ ਨੇ ਖੁਦ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਸੀ। ਪਾਕਿਸਤਾਨ ਵਿਚ ਕਈ ਨੇਤਾ ਖੁਦ ਨੂੰ ਹੋਮ ਕੁਆਰੰਟੀਨ ਹੋ ਚੁੱਕੇ ਹਨ। ਪਾਕਿਸਤਾਨ ਵਿਚ ਵੱਧਦੇ ਅੰਕੜਿਆਂ ਦੇ ਬਾਵਜੂਦ ਲਾਕਡਾਊਨ ਵਿਚ ਪੂਰੀ ਤਰ੍ਹਾਂ ਨਾਲ ਢਿੱਲ ਦੇ ਦਿੱਤੀ ਗਈ ਹੈ। ਈਦ ਨੂੰ ਦੇਖਦੇ ਹੀ ਬਾਜ਼ਾਰ ਇਕ ਵਾਰ ਫਿਰ ਖੋਲ੍ਹ ਦਿੱਤੇ ਗਏ ਹਨ। ਲੋਕ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਮ੍ਰਿਤਕਾਂ ਦੀ ਗਿਣਤੀ 985 ਹੋ ਚੁੱਕੀ ਹੈ ਜਦਕਿ 45,898 ਪੀੜਤ ਹਨ।