ਪਾਕਿ : ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਮਨੀ ਲਾਂਡਰਿੰਗ ਮਾਮਲੇ ''ਚ ਗ੍ਰਿਫ਼ਤਾਰ

09/28/2020 6:24:07 PM

ਲਾਹੌਰ (ਭਾਸ਼ਾ): 7 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਲਾਹੌਰ ਹਾਈ ਕੋਰਟ ਵੱਲੋਂ ਜਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ 'ਤੇ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਹਿਬਾਜ਼ ਨੂੰ ਅਦਾਲਤ ਕੰਪਲੈਕਸ ਵਿਚ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਸੁਣਵਾਈ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੇ ਕਾਰਕੁੰਨ ਇਕੱਠੇ ਹੋ ਗਏ।

ਸ਼ਹਿਬਾਜ਼ ਨੂੰ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੇ ਅਧਿਕਾਰੀ ਲਾਹੌਰ ਹਿਰਾਸਤ ਕੇਂਦਰ ਲੈ ਗਏ। ਉਹਨਾਂ ਨੂੰ ਰਿਮਾਂਡ ਦੇ ਲਈ ਜਵਾਬਦੇਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸਰਦਾਰ ਅਹਿਮਦ ਨਈਮ ਦੀ ਪ੍ਰਧਾਨਗੀ ਵਾਲੀ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਐੱਨ.ਏ.ਬੀ. ਦੀ ਟੀਮ ਅਤੇ ਸ਼ਹਿਬਾਜ਼ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਸ਼ਹਿਬਾਜ਼ ਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ।

ਇਮਰਾਨ ਖਾਨ ਸਰਕਾਰ ਨੇ ਪਿਛਲੇ ਹਫਤੇ 69 ਸਾਲਾ ਸ਼ਹਿਬਾਜ਼ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਾਇਰ ਕੀਤਾ ਸੀ। ਸ਼ਹਿਬਾਜ਼ ਸ਼ਰੀਫ 2008 ਤੋਂ 2018 ਤੱਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਨ। ਪ੍ਰਧਾਨ ਮੰਤਰੀ ਦੇ ਅੰਦਰੂਨੀ ਅਤੇ ਜਵਾਬਦੇਹੀ ਮਾਮਲਿਆਂ ਦੇ ਸਲਾਹਕਾਰ ਸ਼ਹਿਜਾਦ ਅਕਬਰ ਨੇ 23 ਸਤੰਬਰ ਨੂੰ ਦੋਸ਼ ਲਗਾਇਆ ਸੀ ਕਿ ਸ਼ਹਿਬਾਜ਼ ਅਤੇ ਉਹਨਾਂ ਦੇ ਬੇਟੇ ਹਮਜ਼ਾ ਤੇ ਸਲਮਾਨ ਨੇ ਫਰਜ਼ੀ ਖਾਤਿਆਂ ਦੇ ਜ਼ਰੀਏ ਮਨੀ ਲਾਂਡਰਿੰਗ ਨੂੰ ਅੰਜਾਮ ਦਿੱਤਾ। ਸ਼ਹਿਬਾਜ਼ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਨੂੰ ਗ੍ਰਿਫ਼ਤਾਰ ਕਰਾਉਣਾ ਚਾਹੁੰਦੇ ਸਨ। ਉਹਨਾਂ ਨੇ ਕਿਹਾ,''ਇਹ ਇਮਰਾਨ ਖਾਨ ਅਤੇ ਐੱਨ.ਏ.ਬੀ. ਦਾ ਅਪਵਿੱਤਰ ਗਠਜੋੜ ਹੈ ਜੋ ਮੈਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੁੰਦਾ ਹੈ।'' 

ਉਹਨਾਂ ਦੀ ਗ੍ਰਿਫ਼ਤਾਰੀ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪੀ.ਐੱਮ.ਐੱਲ.-ਐੱਨ. ਦੀ ਬੁਲਾਰਨ ਮਰਿਅਮ ਨਵਾਜ਼ ਨੇ ਕਿਹਾ ਕਿ ਸ਼ਹਿਬਾਜ਼ ਨੂੰ ਸਿਰਫ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਨਹੀਂ ਛੱਡਿਆ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਰਾਜਨੀਤਕ ਜ਼ੁਲਮ ਕਰ ਰਹੀ ਹੈ। ਬਦਲੇ ਦੀ ਕਾਰਵਾਈ ਉਹਨਾਂ ਦੀ ਪਾਰਟੀ ਦੇ ਕਾਰਕੁੰਨਾਂ ਦਾ ਹੌਂਸਲਾ ਨਹੀਂ ਤੋੜ ਸਕਦੀ। ਪੀ.ਡੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਸ਼ਹਿਬਾਜ਼ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਮਰਾਨ ਖਾਨ ਨੂੰ ਗਦੀਓਂ ਲਾਹੁਣ ਲਈ ਵਿਰੋਧੀ ਪਾਰਟੀਆਂ ਦੇ 'ਪਾਕਿਸਤਾਨ ਡੈਮੋਕ੍ਰੈਟਿਕ ਅਲਾਇੰਸ' ਬਣਾਉਣ ਦੇ ਬਾਅਦ ਪ੍ਰਧਾਨ ਮੰਤਰੀ ਡਰ ਗਏ ਹਨ।


Vandana

Content Editor

Related News