FATF ਤੋਂ ਘਬਰਾਏ ਪਾਕਿ ਨੇ ਚਾਰ ਅੱਤਵਾਦੀ ਸਰਗਨੇ ਕੀਤੇ ਗ੍ਰਿਫਤਾਰ
Thursday, Oct 10, 2019 - 09:09 PM (IST)

ਇਸਲਾਮਾਬਾਦ— ਅੱਤਵਾਦੀ ਫੰਡਿੰਗ ਨੂੰ ਰੋਕਣ 'ਚ ਅਸਫਲ ਰਹਿਣ 'ਤੇ ਐੱਫ.ਏ.ਟੀ.ਐੱਫ. ਦੀ ਕਾਰਵਾਈ ਤੋਂ ਘਬਰਾਏ ਪਾਕਿਸਤਾਨ ਨੇ ਵੀਰਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚਾਰ ਸਰਗਨਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿਸਤਾਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਲਸ਼ਕਰ-ਏ-ਤੋਇਬਾ ਤੇ ਹਾਫਿਜ਼ ਸਈਦ ਦੇ ਸੰਗਠਨ ਜਮਾਤ ਉਦ ਦਾਵਾ ਦੀ ਚੋਟੀ ਦੀ ਅਗਵਾਈ 'ਤੇ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਨਾਂ ਪ੍ਰੋਫੈਸਰ ਜ਼ਫਰ ਇਕਬਾਲ, ਯਾਹਾ ਅਜੀਜ਼, ਮੁਹੰਮਦ ਅਸ਼ਰਫ ਤੇ ਅਬਦੁੱਲ ਸਲਾਮ ਹਨ। ਇਹ ਸਾਰੇ ਹਾਫਿਜ਼ ਸਈਦ ਦੇ ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ ਹੋਏ ਹਨ।
ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਖੁਦ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਖਤ ਕਾਰਵਾਈ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ। ਐੱਫ.ਏ.ਟੀ.ਐੱਫ. ਦੀ ਬੈਠਕ ਪੈਰਿਸ 'ਚ 12 ਤੋਂ 15 ਅਕਤੂਬਰ ਤੱਕ ਚੱਲੇਗੀ। ਪਿਛਲੇ ਸਾਲ ਜੂਨ 'ਚ ਪਾਕਿਸਤਾਨ ਦੇ ਅੱਤਵਾਦੀ ਫੰਡਿੰਗ ਰੋਕਣ 'ਚ ਅਸਫਲ ਰਹਿਣ ਤੋਂ ਬਾਅਦ ਗ੍ਰੇਅ ਲਿਸਟ 'ਚ ਪਾ ਦਿੱਤਾ ਗਿਆ ਸੀ।