ਪਾਕਿ ਦੇ ਗੁਰਦੁਆਰੇ ਬੁੱਚੜਖਾਨੇ ਤੇ ਕਬਰਿਸਤਾਨ ’ਚ ਤਬਦੀਲ, ਫਿਰ ਵੀ ਇਸ ਮੁੱਦੇ ’ਤੇ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ
Thursday, Jul 27, 2023 - 03:31 PM (IST)
ਜਲੰਧਰ (ਇੰਟ.)– ਪਾਕਿਸਤਾਨ ਵਿਚ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਖਾਲਿਸਤਾਨੀ ਹਮਾਇਤੀ ਅਤੇ ਅੱਤਵਾਦੀ ਖਾਮੋਸ਼ ਹੋ ਜਾਂਦੇ ਹਨ। ਪਾਕਿਸਤਾਨ ਦੇ ਗੁਰਦੁਆਰੇ ਵਿਚ ਇਸ ਹੱਦ ਤੱਕ ਬੇਅਦਬੀ ਹੋਈ ਕਿ ਇਨ੍ਹਾਂ ਦੀਆਂ ਇਮਾਰਤਾਂ ਵਿਚ ਬੁੱਚੜਖਾਨੇ ਅਤੇ ਕਬਰਿਸਤਾਨ ਵਿਚ ਤਬਦੀਲ ਹੋ ਚੁੱਕੀਆਂ ਹਨ। ਹਾਲਾਂਕਿ ਖਾਲਿਸਤਾਨੀ ਹਮਾਇਤੀਆਂ ਅਤੇ ਅੱਤਵਾਦੀਆਂ ਨੂੰ ਇਸ ’ਤੇ ਕਦੇ ਕੋਈ ਇਤਰਾਜ਼ ਨਹੀਂ ਹੁੰਦਾ ਹੈ। ਦਰਅਸਲ ਪਾਕਿਸਤਾਨ ਹੀ ਇਨ੍ਹਾਂ ਕੁਝ ਖਾਲਿਸਤਾਨੀਆਂ ਦਾ ਅਸਲੀ ਆਕਾ ਹੈ ਅਤੇ ਉਹ ਇਸ ਦੇ ਖ਼ਿਲਾਫ਼ ਜਾਣ ਦੀ ਹਿੰਮਤ ਹੀ ਨਹੀਂ ਕਰਦੇ ਹਨ। ਇਸ ਨਾਲ ਇਕ ਤਸਵੀਰ ਹੋਰ ਸਾਫ ਹੋ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਸਿੱਖ ਭਾਈਚਾਰੇ ਦੇ ਲੋਕਾਂ ਦਾ ਖਾਲਿਸਤਾਨੀ ਏਜੰਡਾ ਸਿਰਫ ਇਕ ਢਕਵੰਜ ਹੈ, ਜਿਸ ਨੂੰ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਭਾਰਤ ਖ਼ਿਲਾਫ਼ ਹਥਿਆਰ ਵਾਂਗ ਇਸਤੇਮਾਲ ਕਰ ਰਹੀ ਹੈ।
ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਿਹੈ ਪਾਕਿਸਤਾਨ
ਪਾਕਿਸਤਾਨ ਵਿਚ ਸਿੱਖਾਂ ’ਤੇ ਅੱਤਿਆਚਾਰ ’ਤੇ ਕਈ ਅਜਿਹੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਦੇਸ਼ ਵਿਚ ਸਿਰਫ ਕੁਝ ਮੁੱਠੀ ਭਰ ਗੁਰਦੁਆਰਿਆਂ ਨੂੰ ਬਣਾਈ ਰੱਖ ਕੇ ਸਿੱਖਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ। ਇਤਿਹਾਸਕ ਮਹੱਤਵ ਦੀਆਂ ਸੈਂਕੜੇ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਨੂੰ ਬਰਬਾਦ ਅਤੇ ਅਪਵਿੱਤਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਸਥਾਨਕ ਪ੍ਰਸ਼ਾਸਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਉਨ੍ਹਾਂ ਦੀਆਂ ਪੂਜਾ ਵਾਲੀਆਂ ਥਾਵਾਂ ਨੂੰ ਅਪਵਿੱਤਰ ਕਰ ਰਿਹਾ ਹੈ ਅਤੇ ਉਨ੍ਹਾਂ ’ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ ਪਰ ਭਾਰਤ ਵਿਰੋਧੀ ਏਜੰਡਾ ਚਲਾਉਣ ਵਾਲੇ ਖਾਲਿਸਤਾਨੀ ਇਸ ਮੁੱਦੇ ’ਤੇ ਆਪਣਾ ਮੁੂੰਹ ਅਤੇ ਅੱਖਾਂ ਬੰਦ ਕਰ ਲੈਂਦੇ ਹਨ।
ਕਬਰਿਸਤਾਨ ’ਚ ਬਦਲ ਰਹੇ ਹਨ ਗੁਰੂ ਘਰ
ਇਕ ਹੋਰ ਗੁਰਦੁਆਰਾ ਕਿਲਾ ਸਾਹਿਬ ਹੈ, ਜੋ ਗੁਰੂ ਹਰਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਇਆ ਗਿਆ ਸੀ। ਇਹ ਜ਼ਿਲਾ ਹਾਫਿਜਾਬਾਦ ਵਿਚ ਗੁਰੂ ਨਾਨਕਪੁਰਾ ਮੁਹੱਲੇ ਵਿਚ ਹੈ। ਇਹ ਇਤਿਹਾਸਕ ਗੁਰਦੁਆਰੇ ਜਾਂ ਤਾਂ ਕਬਰਿਸਤਾਨ ਜਾਂ ਫਿਰ ਤੀਰਥ ਸਥਾਨਾਂ ਵਿਚ ਬਦਲ ਦਿੱਤੇ ਗਏ ਹਨ। ਸਥਾਨਕ ਸਿੱਖਾਂ ਨੇ ਸਥਾਨਕ ਪੁਲਸ ਅਤੇ ਨਿੱਜੀ ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ੇ ਦੇ ਅਜਿਹੇ ਮੁੱਦਿਆਂ ਨੂੰ ਕਈ ਵਾਰ ਉਠਾਇਆਂ ਹੈ। ਇਸ ਤੋਂ ਇਲਾਵਾ ਕਈ ਗੁਰਦੁਆਰਿਆਂ ਨੂੰ ਜਾਨਵਰਾਂ ਲਈ ਸ਼ੈੱਡ ਦੇ ਰੂਪ ਇਸਤੇਮਾਲ ਕਰ ਕੇ ਅਪਵਿੱਤਰ ਕੀਤਾ ਗਿਆ ਹੈ। ਪਾਕਿਸਤਾਨ ਵਿਚ ਪੰਜਾਬ ਦੇ ਕਸੂਰ ਜ਼ਿਲੇ ਦੇ ਲਾਲਯਾਨੀ ਸ਼ਹਿਰ ਦੇ ਦਫਤੁ ਪਿੰਡ ਵਿਚ ਸਥਿਤ ਗੁਰਦੁਆਰਾ ਸਾਹਿਬ ਦੀ ਹਾਲਤ ਵੀ ਖਸਤਾ ਹੈ, ਇਸ ਦੀ ਵੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਹੀਵਾਲ ਜ਼ਿਲੇ ਵਿਚ ਗੁਰਦੁਆਰਾ ਸ੍ਰੀ ਟਿੱਬਾ ਨਾਨਕਸਰ ਸਾਹਿਬ ਪਾਕਪੱਤਣ ਅਤੇ ਧਾਰਮਿਕ ਸਥਾਨਾਂ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਸਰਕਾਰੀ ਬਾਡੀ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੀ ਅਣਗਹਿਲੀ ਕਾਰਨ ਖੰਡਰ ਵਿਚ ਤਬਦੀਲ ਹੋਣ ਦੇ ਕੰਢੇ ’ਤੇ ਹੈ ਫਿਰ ਵੀ ਖਾਲਿਸਤਾਨੀ ਖਾਮੋਸ਼ ਹਨ।
ਪਿਸ਼ਾਵਰ ’ਚ ਸਿੱਖਾਂ ’ਤੇ ਹੋ ਰਹੇ ਹਨ ਅੱਤਿਆਚਾਰ
ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਵਰਤੋਂ ਬੁੱਚੜਖਾਨੇ ਅਤੇ ਮਾਸ ਦੀ ਦੁਕਾਨ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਦੇ ਮੁੱਖ ਦੁਆਰ ਦੇ ਕੰਢੇ ਮਾਸ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਮਾਸ ਦੀਆਂ ਦੁਕਾਨਾਂ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਦੁਕਾਨਾਂ ਗੁਰਦੁਆਰਾ ਕੰਪਲੈਕਸ ਵਿਚ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਦੱਸਿਅਆ ਜਾਂਦਾ ਹੈ ਕਿ ਇਸ ਗੁਰਦੁਆਰੇ ਨੂੰ 1876 ਵਿਚ ਬਾਬਾ ਖੇਮ ਸਿੰਘ ਬੇਦੀ ਨੇ ਬਣਵਾਇਆ ਸੀ। ਪਾਕਿਸਤਾਨ ਵਿਚ ਗੁਰਦੁਆਰਿਆ ਦੀ ਘੋਰ ਅਣਗਹਿਲੀ ਦੀ ਇਕ ਹੋਰ ਉਦਾਹਰਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ। ਇਹ ਪੰਜਾਬ ਸੂਬੇ ਵਿਚ ਗੱਲ੍ਹਾ ਮੰਡੀ, ਸਾਹੀਵਾਲ ਵਿਚ ਸਥਿਤ ਹੈ। ਇਮਾਰਤ ਬਹੁਤ ਵੱਡੀ ਹੈ ਪਰ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਸਿਟੀ ਪੁਲਸ ਸਟੇਸ਼ਨ ਵਿਚ ਬਦਲ ਦਿੱਤਾ ਹੈ। ਪਾਕਿਸਤਾਨ ਦੇ ਪਿਸ਼ਾਵਰ ਵਿਚ ਸਿੱਖਾਂ ’ਤੇ ਕੱਟੜਪੰਥੀ ਮੁਸਲਮਾਨ ਅੱਤਿਆਚਾਰ ਕਰ ਰਹੇ ਹਨ। ਹਾਲ ਹੀ ਵਿਚ ਪਿਸ਼ਾਵਰ ਤੋਂ ਆਏ ਇਕ ਸਿੱਖ ਪਰਿਵਾਰ ਨੇ ਇਹ ਖੁਲਾਸਾ ਕੀਤਾ ਹੈ ਉਥੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਸਿੱਖਾਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇੰਨਾ ਸਭ ਹੋਣ ਤੋਂ ਬਾਅਦ ਖਾਲਿਸਤਾਨੀ ਪਾਕਿਸਤਾਨ ਵਿਚ ਸਿੱਖਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਉਂਦੇ ਹਨ।
ਖਸਤਾ ਹੋ ਰਹੇ ਹਨ ਗੁਰਦੁਆਰੇ ਫਿਰ ਵੀ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ
ਹਾਲ ਹੀ ਵਿਚ ਪਾਕਿਸਤਾਨ ਵਿਚ ਮੀਂਹ ਕਾਰਨ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦਾ ਇਕ ਵੱਡਾ ਹਿੱਸਾ ਢੱਠ ਗਿਆ ਹੈ ਕਿਉਂਕਿ ਇਹ ਸਥਾਨਕ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਹੈ। ਲਾਹੌਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ’ਤੇ ਜਾਹਮਾਨ ਪਿੰਡ ਸਥਿਤ ਇਹ ਗੁਰਦੁਆਰਾ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ। ਇਸ ਗੁਰਦੁਆਰੇ ਦੇ ਕੁਝ ਹਿੱਸਿਆਂ ਦੀ ਹਾਲਤ ਪਹਿਲਾਂ ਤੋਂ ਵੀ ਕਾਫੀ ਖਰਾਬ ਸੀ ਅਤੇ ਬੀਤੇ ਦਿਨੀਂ ਮੀਂਹ ਕਾਰਨ ਇਹ ਹਿੱਸੇ ਡਿੱਗ ਗਏ। ਹਾਲਾਂਕਿ ਪਾਕਿਸਤਾਨ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਖਾਲਿਸਤਾਨੀ ਅੱਤਵਾਦੀ ਇਸ ’ਤੇ ਖਾਮੋਸ਼ ਹਨ। ਜਦਕਿ ਭਾਰਤੀ ਸਿੱਖਾਂ ਨੇ ਅਜਿਹੀਆਂ ਕਈ ਘਟਨਾਵਾਂ ’ਤੇ ਆਪਣੀ ਚਿੰਤਾ ਦਰਜ ਕਰਵਾਈ ਹੈ। ਕਈ ਮਹੱਤਵਪੂਰਨ ਗੁਰੂਘਰ ਖਸਤਾ ਹਾਲਤ ਵਿਚ ਹਨ ਪਰ ਪਾਕਿ ਸਰਕਾਰ ਇਨ੍ਹਾਂ ਨੂੰ ਮੁਰੰਮਤ ਕਰਨ ਦੀ ਜ਼ਹਿਮਤ ਤੱਕ ਨਹੀਂ ਉਠਾਉਂਦੀ। ਇਸ ਮੁੱਦੇ ’ਤੇ ਭਾਰਤੀ ਸਿੱਖ ਪਾਕਿ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ ਜਦਕਿ ਭਾਰਤ ਨੂੰ ਗਿੱਦੜ ਭਬਕੀਆਂ ਦੇਣ ਵਾਲੇ ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਦੇ ਹਨ।
ਪਾਕਿਸਤਾਨ ਖਿਲਾਫ ਕਿਉਂ ਨਹੀਂ ਬੋਲਦੇ ਹਨ ਖਾਲਿਸਤਾਨੀ?
ਲਗਭਗ 25 ਸਾਲ ਪਹਿਲਾਂ ਭਾਰਤ ਤੋਂ ਪਾਕਿਸਤਾਨ ਭੱਜੇ ਇਕ ਦਰਜਨ ਤੋਂ ਵੱਧ ਨਾਮੀ ਖਾਲਿਸਤਾਨੀ ਅੱਤਵਾਦੀ ਅਤੇ ਉਨ੍ਹਾਂ ਦੇ ਸੰਗਠਨਾਂ ਦੇ 5 ਮੁਖੀ ਆਈ. ਐੱਸ. ਆਈ. ਦੇ ਸਿੱਧੇ ਸੰਪਰਕ ਵਿਚ ਹਨ। ਭਾਰਤ ਸਰਕਾਰ ਦੇ ਦਸਤਾਵੇਜ਼ਾਂ ਮੁਤਾਬਕ ਖਾਲਿਸਤਾਨੀ ਸੰਗਠਨਾਂ ਦੇ ਇਨ੍ਹਾਂ ਪੰਜਾਂ ਮੁਖੀਆਂ ਨੂੰ ਪਾਕਿਸਤਾਨ ਦੇ ਲਾਹੌਰ ਵਿਚ ਵਸਾਇਆ ਗਿਆ ਸੀ। ਪਾਕਿਸਤਾਨ ਖਾਲਿਸਤਾਨੀ ਅੱਤਵਾਦੀਆਂ ਨੂੰ ਟਰੇਨਿੰਗ ਦਿੰਦਾ ਰਿਹਾ ਹੈ ਅਤੇ ਭਾਰਤ ਵਿਚ ਮਾਹੌਲ ਖਰਾਬ ਕਰਨ ਲਈ ਟੈਰਰ ਫੰਡਿੰਗ ਅਤੇ ਹਥਿਆਰ ਵੀ ਮੁਹੱਈਆ ਕਰਵਾਉਂਦਾ ਹੈ। ਇਹੀ ਕਾਰਨ ਹੈ ਕਿ ਬੁਜ਼ਦਿਲ ਖਾਲਿਸਤਾਨ ਪਾਕਿ ਵਿਚ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਵਿਚ ਦਖਲ ਨਹੀਂ ਕਰਦੇ ਹਨ। ਇਨ੍ਹਾਂ ਵਿਚ ਕਈ ਅੱਤਵਾਦੀਅਆਂ’ਤੇ ਹੱਤਿਆ, ਹਾਈਜੈਕਿੰਗ, ਬੰਬ ਬਲਾਸਟ ਅਤੇ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਖਾਲਿਸਤਾਨੀ ਏਜੰਡੇ ਨੂੰ ਜ਼ਿੰਦਾ ਰੱਖਣਾ ਪਾਕਿਸਤਾਨ ਦਾ ਮਕਸਦ ਹੈ। ਹਾਲਾਂਕਿ ਪਾਕਿਸਤਾਨ ਵੀ ਖਾਲਿਸਤਾਨ ਬਣਨ ਦੇ ਹੱਕ ਵਿਚ ਨਹੀਂ ਹੈ। ਖੁਫੀਅਆ ਏਜੰਸੀਆਂ ਮੁਤਾਬਕ ਆਈ. ਐੱਸ. ਆਈ. ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਭਾਰਤ ਵਿਚ ਅੱਤਵਾਦੀ ਹਮਲਿਾਆਂ ਲਈ ਮਜਬੂਰ ਕਰ ਰਿਹਾ ਹੈ। ਆਈ. ਐੱਸ.ਆਈ. ਕਈ ਵਾਰ ਸੰਗਠਨਾਂ ਨੂੰ ਕਹਿ ਚੁੱਕੀ ਹੈ ਕਿ ਜਾਂ ਤਾਂ ਭਾਰਤ ’ਤੇ ਹਮਲਾ ਕਰੋ ਜਾਂ ਫਿਰ ਸਾਡਾ ਦੇਸ਼ ਛੱਡ ਦਿਓ। ਇਨ੍ਹਾਂ ਵਿਚੋਂ ਹਾਲ ਹੀ ਵਿਚ ਇਕ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਚ ਹੱਤਿਆ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।