ਪਾਕਿਸਤਾਨ : ਸਾਲ ਦੇ ਪਹਿਲੇ 6 ਮਹੀਨਿਆਂ ''ਚ ਸੁਰੱਖਿਆ ਬਲਾਂ ''ਤੇ 434 ਅੱਤਵਾਦੀ ਹਮਲੇ, 323 ਜਵਾਨ ਸ਼ਹੀਦ
Saturday, Jul 30, 2022 - 05:27 PM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਵਿੱਚ ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਸੁਰੱਖਿਆ ਬਲਾਂ ’ਤੇ ਕੁੱਲ 434 ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 323 ਜਵਾਨ ਮਾਰੇ ਗਏ ਹਨ। ਗ੍ਰਹਿ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। 'ਦਿ ਐਕਸਪ੍ਰੈਸ ਟ੍ਰਿਬਿਊਨ' 'ਚ ਛਪੀ ਖ਼ਬਰ ਮੁਤਾਬਕ ਗ੍ਰਹਿ ਮੰਤਰਾਲਾ ਨੇ ਸੰਸਦ ਦੇ ਉਪਰਲੇ ਸਦਨ (ਸੈਨੇਟ) 'ਚ ਪੇਸ਼ ਕੀਤੀ ਰਿਪੋਰਟ 'ਚ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ 'ਚ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ ਸੁਰੱਖਿਆ ਬਲਾਂ 'ਤੇ ਸਭ ਤੋਂ ਵੱਧ 247 ਹਮਲੇ ਹੋਏ ਹਨ। ਰਿਪੋਰਟ ਮੁਤਾਬਕ ਇਸ ਸਮੇਂ ਦੌਰਾਨ ਬਲੋਚਿਸਤਾਨ 'ਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀਆਂ 171, ਸਿੰਧ 'ਚ 12 ਅਤੇ ਪੰਜਾਬ 'ਚ ਸੁਰੱਖਿਆ ਬਲਾਂ 'ਤੇ ਘੱਟੋ-ਘੱਟ ਇਕ ਹਮਲੇ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ 'ਚ ਸਾਲ ਦੇ ਪਹਿਲੇ 6 ਮਹੀਨਿਆਂ 'ਚ ਸੁਰੱਖਿਆ ਬਲਾਂ 'ਤੇ ਤਿੰਨ ਹਮਲੇ ਹੋ ਚੁੱਕੇ ਹਨ। ਸੁਰੱਖਿਆ ਬਲਾਂ 'ਤੇ ਹਮਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅੱਤਵਾਦੀ ਹਮਲਿਆਂ 'ਚ ਸੁਰੱਖਿਆ ਬਲਾਂ ਅਤੇ ਹੋਰ ਸੰਸਥਾਵਾਂ ਦੇ ਘੱਟੋ-ਘੱਟ 323 ਜਵਾਨ ਮਾਰੇ ਗਏ ਹਨ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਟਰੇਨ ਨੇ ਬੱਸ ਨੂੰ ਮਾਰੀ ਟੱਕਰ, 7 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ
ਰਿਪੋਰਟ ਮੁਤਾਬਕ ਇਨ੍ਹਾਂ ਹਮਲਿਆਂ 'ਚ ਸੁਰੱਖਿਆ ਬਲਾਂ ਅਤੇ ਹੋਰ ਸੰਗਠਨਾਂ ਦੇ 718 ਫ਼ੌਜੀ ਅਤੇ ਅਧਿਕਾਰੀ ਜ਼ਖ਼ਮੀ ਹੋਏ ਹਨ। ਅਖ਼ਬਾਰ ਮੁਤਾਬਕ ਪਾਕਿਸਤਾਨੀ ਉਲੇਮਾ ਦਾ ਵਫ਼ਦ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਪਾਕਿਸਤਾਨੀ ਵਾਰਤਾਕਾਰਾਂ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਵਿੱਚ ਨਰਮ ਰੁਖ਼ ਅਪਣਾਉਣ ਲਈ ਮਨਾਉਣ ਵਿੱਚ ਨਾਕਾਮ ਰਿਹਾ ਹੈ। ਸ਼ੇਖ ਉਲ ਇਸਲਾਮ ਮੁਫਤੀ ਤਕੀ ਉਸਮਾਨੀ ਦੀ ਅਗਵਾਈ ਵਿਚ ਵਫਦ ਸੋਮਵਾਰ ਨੂੰ ਸੀ-130 ਜਹਾਜ਼ ਵਿਚ ਕਾਬੁਲ ਲਈ ਰਵਾਨਾ ਹੋਇਆ ਅਤੇ ਬੁੱਧਵਾਰ ਤੱਕ ਉਥੇ ਰੁਕਣ ਦੀ ਸੰਭਾਵਨਾ ਹੈ। ਇਸ ਦੌਰਾਨ, ਵਫ਼ਦ ਟੀ.ਟੀ.ਪੀ. ਲੀਡਰਸ਼ਿਪ ਨੂੰ ਆਪਣਾ ਰੁਖ ਨਰਮ ਕਰਨ ਲਈ ਮਨਾਉਣ ਲਈ ਆਖ਼ਰੀ ਕੋਸ਼ਿਸ਼ ਕਰੇਗਾ। ਹਾਲਾਂਕਿ, ਟੀ.ਟੀ.ਪੀ. ਦੇ ਰੁਖ ਵਿੱਚ ਨਰਮੀ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਉਲੇਮਾ ਵਫ਼ਦ ਦੇ ਇੱਕ ਸੂਤਰ ਨੇ ਅਖ਼ਬਾਰ ਨੂੰ ਦੱਸਿਆ ਕਿ ਟੀ.ਟੀ.ਪੀ. ਲੀਡਰਸ਼ਿਪ ਨੇ ਸੰਜਮ ਨਾਲ ਉਨ੍ਹਾਂ ਦੀ ਗੱਲ ਸੁਣੀ, ਪਰ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਸਰਕਾਰ ਟੀ.ਟੀ.ਪੀ. ਨਾਲ ਗੱਲਬਾਤ ਕਰਕੇ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਮੂਹ ਨੇ ਜੰਗਬੰਦੀ ਦਾ ਐਲਾਨ ਵੀ ਕੀਤਾ ਹੈ, ਪਰ ਟੀ.ਟੀ.ਪੀ. ਤੋਂ ਵੱਖ ਹੋਏ ਹੋਰ ਧੜੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਇਕੋ ਪਰਿਵਾਰ ਦੇ 4 ਜੀਆਂ ਸਮੇਤ 10 ਲੋਕਾਂ ਦੀ ਮੌਤ