ਪਾਕਿਸਤਾਨ ਨੇ ਨਾਰਵੇ ਦੇ ਪੱਤਰਕਾਰ ਨੂੰ ਕੀਤਾ ਰਿਹਾਅ

07/17/2018 8:18:52 PM

ਗੁਜਰਾਤ (ਪਾਕਿਸਤਾਨ), (ਏ.ਪੀ.)- ਪਾਕਿਸਤਾਨ ਵਿਚ ਪਿਛਲੇ ਹਫਤੇ ਪੁਲਸ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਹਮਾਇਤੀਆਂ ਵਿਚਾਲੇ ਝੜਪ ਦੌਰਾਨ ਗ੍ਰਿਫਤਾਰ ਕੀਤੇ ਗਏ ਨਾਰਵੇ ਦੇ ਇਕ ਪੱਤਰਕਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਪਾਕਿਸਤਾਨ ਦੀ ਗੁਜਰਾਤ ਪੁਲਸ ਦੇ ਅਧਿਕਾਰੀ ਮੁਹੰਮਦ ਅਸ਼ਰਫ ਨੇ ਮੰਗਲਵਾਰ ਨੂੰ ਦੱਸਿਆ ਕਿ ਪਾਕਿਸਤਾਨੀ ਮੂਲ ਦੇ ਕੱਦਾਫੀ ਜ਼ਮਾਨ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਦਾ ਇਹ ਮੰਨਣਾ ਸੀ ਕਿ ਜ਼ਮਾਨ ਵੀ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਵਿਚੋਂ ਇਕ ਹੈ। ਆਸਟ੍ਰੀਆ ਦੇ ਵਿਏਨਾ ਸਥਿਤ ਸੰਪਾਦਕਾਂ, ਮੀਡੀਆ ਕਰਮੀਆਂ ਅਤੇ ਮੀਡੀਆ ਸੁਤੰਤਰਤਾ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਵਿਸ਼ਵ ਨੈਟਵਰਕ ਇੰਟਰਨੈਸ਼ਨਲ ਪ੍ਰੈਸ ਇੰਸਟੀਚਿਊਟ ਨੇ ਪਾਕਿਸਤਾਨ ਨੂੰ ਉਨ੍ਹਾਂ ਖਿਲਾਫ ਦੋਸ਼ ਵਾਪਸ ਲੈਣ ਨੂੰ ਕਿਹਾ ਜਿਸ ਤੋਂ ਬਾਅਦ ਜ਼ਮਾਨ ਨੂੰ ਰਿਹਾਅ ਕਰ ਦਿੱਤਾ ਗਿਆ। ਜਮਾਨ ਨਾਰਵੇ ਦੇ ਪ੍ਰਸਾਰਕ ਕੰਪਨੀ ਟੀਵੀ 2 ਲਈ ਕੰਮ ਕਰਦਾ ਹੈ। ਲੰਡਨ ਤੋਂ ਪਰਤੇ ਸ਼ਰੀਫ ਦੇ ਸਵਾਗਤ ਲਈ ਆਯੋਜਿਤ ਰੈਲੀ ਨੂੰ ਕਵਰ ਕਰਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 10 ਸਾਲ ਦੀ ਸਜ਼ਾ ਹੋਈ ਹੈ।


Related News