ਪਾਕਿਸਤਾਨ ਨੇ ਚੀਨ ਨਾਲ ਨਿਭਾਈ ਦੋਸਤੀ, ਅਮਰੀਕਾ ਦੇ ਲੋਕਤੰਤਰ ਸਿਖਰ ਸੰਮੇਲਨ ਦਾ ਸੱਦਾ ਠੁਕਰਾਇਆ

Thursday, Dec 09, 2021 - 06:36 PM (IST)

ਪਾਕਿਸਤਾਨ ਨੇ ਚੀਨ ਨਾਲ ਨਿਭਾਈ ਦੋਸਤੀ, ਅਮਰੀਕਾ ਦੇ ਲੋਕਤੰਤਰ ਸਿਖਰ ਸੰਮੇਲਨ ਦਾ ਸੱਦਾ ਠੁਕਰਾਇਆ

ਇਸਲਾਮਾਬਾਦ- ਪਾਕਿਸਤਾਨ ਨੇ ਚੀਨ ਨਾਲ ਦੋਸਤੀ ਨਿਭਾਉਣ ਲਈ ਅਮਰੀਕਾ ਦਾ ਸੱਦਾ ਠੁਕਰਾ ਦਿੱਤਾ ਹੈ। ਚੀਨ ਦੇ ਅੱਗੇ ਗੋਡੇ ਟੇਕਦੇ ਹਏ ਪਾਕਿਸਤਾਨ ਨੇ ਬੁੱਧਵਾਰ ਨੂੰ ਅਮਰੀਕਾ ਵਲੋਂ ਆਯੋਜਿਤ ਸਮਿਟ ਫ਼ਾਰ ਡੈਮੋਕ੍ਰੇਸੀ ਦੇ ਵਰਚੁਅਲ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਇਸ ਸਬੰਧ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ 'ਚ ਸੱਦੇ ਲਈ ਅਮਰੀਕਾ ਨੂੰ 'ਧੰਨਵਾਦ' ਦਿੰਦੇ ਹੋਏ ਕਿਹਾ ਕਿ ਉਹ 'ਭਵਿੱਖ 'ਚ ਢੁਕਵੇਂ ਸਮੇਂ 'ਤੇ' ਕਈ ਮੁੱਦਿਆਂ 'ਤੇ ਦੇਸ਼ ਨਾਲ ਗੱਲਬਾਤ ਕਰੇਗਾ।

ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਇਕ ਆਜ਼ਾਦ ਨਿਆਂਪਾਲਿਕਾ, ਚੰਗੇ ਨਾਗਰਿਕ ਸਮਾਜ ਤੇ ਇਕ ਆਜ਼ਾਦ ਮੀਡੀਆ ਵਾਲਾ ਇਕ ਵੱਡਾ ਲੋਕਤੰਤਰ ਹੈ। ਅਸੀਂ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ, ਭ੍ਰਿਸ਼ਟਾਚਾਰ ਨਾਲ ਲੜਨ ਤੇ ਸਾਰੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ। ਮੰਤਰਾਲਾ ਨੇ ਕਿਹਾ ਕਿ ਹਾਲ ਦੇ ਸਾਲਾਂ 'ਚ ਪਾਕਿਸਤਾਨ ਨੇ ਇਨ੍ਹਾਂ ਟੀਚਿਆਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਵਿਆਪਕ ਸੁਧਾਰ ਕੀਤੇ ਹਨ। ਇਨ੍ਹਾਂ ਸੁਧਰਾਂ ਦੇ ਹਾਂ-ਪੱਖੀ ਨਜੀਤੇ ਵੀ ਮਿਲੇ ਹਨ।

ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਨੇ ਚੀਨ ਤੇ ਰੂਸ ਨੂੰ ਸੱਦਾ ਨਹੀਂ ਭੇਜਿਆ ਹੈ, ਪਰ ਤਾਈਵਾਨ ਨੂੰ ਸੱਦਾ ਦਿੱਤਾ ਹੈ, ਜਿਸ 'ਤੇ ਬੀਜਿੰਗ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਹ ਕਿਹਾ ਗਿਆ ਹੈ ਕਿ ਵ੍ਹਾਈਟ ਹਾਊਸ ਨੇ ਸੱਦੇ ਲੋਕਾਂ ਤੋਂ ਉਨ੍ਹਾਂ ਦੀ ਹਿੱਸੇਦਾਰੀ ਦੀ ਪੁਸ਼ਟੀ ਕਰਨ ਲਈ ਵੀ ਕਿਹਾ ਹੈ। ਪਾਕਿਸਤਾਨ ਪਿਛਲੇ ਹਫ਼ਤੇ ਇਸ ਦਾ ਐਲਾਨ ਕਰਨ ਵਾਲਾ ਸੀ ਪਰ ਅੰਦਰੂਨੀ ਸਲਾਹ ਦੀ ਵਜ੍ਹਾ ਨਾਲ ਇਸ 'ਚ ਦੇਰੀ ਹੋਈ। ਡਿਪਲੈਮੈਟਿਕ ਸੂਤਰਾਂ ਮੁਤਾਬਕ ਸੋਮਵਾਰ ਨੂੰ ਪਾਕਿਸਤਾਨ ਨੇ ਵ੍ਹਾਈਟ ਹਾਊਸ ਨੂੰ ਅਧਿਕਾਰਤ ਤੌਰ 'ਤੇ ਕੋਈ ਜਵਾਬ ਨਹੀਂ ਦਿੱਤਾ ਸੀ। ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਮਤਭੇਦਾਂ ਨਾਲ ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤੇ ਤਣਾਅਪੂਰਨ ਹਨ।


author

Tarsem Singh

Content Editor

Related News