ਪਾਕਿ 'ਚ ਪੰਜਾਬੀ ਕਲਾਕਾਰਾਂ ਨੇ ਗੀਤਾਂ ਜ਼ਰੀਏ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ

Thursday, Dec 31, 2020 - 02:28 PM (IST)

ਪਾਕਿ 'ਚ ਪੰਜਾਬੀ ਕਲਾਕਾਰਾਂ ਨੇ ਗੀਤਾਂ ਜ਼ਰੀਏ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ

ਇਸਲਾਮਾਬਾਦ (ਬਿਊਰੋ): ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਪਾਕਿਸਤਾਨ ਦੇ ਪੰਜਾਬ ਦੇ ਕਿਸਾਨ ਵੀ ਆ ਗਏ ਹਨ। ਅੰਦੋਲਨ ਅਤੇ ਕਿਸਾਨਾਂ ਦੇ ਜਜ਼ਬਾਤਾਂ ਨੂੰ ਜੋੜ ਕੇ ਉੱਥੇ ਗੀਤ ਲਿਖੇ ਜਾ ਰਹੇ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੇ ਜਾ ਰਹੇ ਹਨ। 1947 ਵਿਚ ਹੋਈ ਦੇਸ਼ ਦੀ ਵੰਡ ਦੇ ਬਾਅਦ ਤੋਂ ਭਾਰਤ ਵਾਲੇ ਹਿੱਸੇ ਨੂੰ ਚੜ੍ਹਦਾ ਪੰਜਾਬ ਅਤੇ ਪਾਕਿਸਤਾਨ ਵਾਲੇ ਪੰਜਾਬ ਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਹੈ। ਗੀਤਾਂ ਵਿਚ ਦੇਸ਼ ਦੀ ਵੰਡ ਦਾ ਦਰਦ ਵੀ ਹੈ।

ਪਾਕਿਸਤਾਨੀ ਕਲਾਕਾਰ ਵਿਕਾਰ ਭਿੰਡਰ ਦਾ ਗੀਤ 'ਦਿੱਲੀ ਮੋਰਚਾ' ਕਿਸਾਨੀ ਦਰਦ 'ਤੇ ਕੇਂਦਰਿਤ ਹੈ। ਗੀਤ ਦਾ ਮਤਲਬ ਹੈ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵਿਚ ਡੇਰੇ ਲਗਾ ਦਿੱਤੇ ਹਨ। ਕਿਸਾਨ ਵਿਹਲਾ ਨਹੀਂ ਬੈਠਦਾ। ਇਹ ਗੱਲ ਦਿੱਲੀ ਚੰਗੀ ਤਰ੍ਹਾਂ ਸਮਝ ਲਵੇ। ਧਰਨੇ 'ਤੇ ਬੈਠੇ ਪੰਜਾਬੀਆਂ ਨੇ ਸੜਕਾਂ ਦੇ ਡਿਵਾਇਡਰਾਂ 'ਤੇ ਫਸਲਾਂ ਬੀਜ਼ ਦਿੱਤੀਆਂ ਹਨ। ਇਹ ਪੰਜਾਬ ਦੀ ਉਹ ਕੌਮ ਹੈ ਜੋ ਨਾ ਕਿਸੇ ਦੇ ਨਾਲ ਜ਼ਬਰਦਸਤੀ ਕਰਦੀ ਹੈ ਅਤੇ ਨਾ ਹੀ ਆਪਣੇ ਨਾਲ ਹੋਣ ਦਿੰਦੀ ਹੈ। ਇਹ ਕੌਮ ਤਾਂ ਸੱਪ ਦੇ ਫਨ 'ਤੇ ਪੈਰ ਰੱਖ ਕੇ ਖੇਤਾਂ ਦੀ ਸਿੰਚਾਈ ਕਰਦੀ ਹੈ।

ਸ਼ਹਿਜਾਦ ਸਿੱਧੂ ਦੇ ਗੀਤ 'ਪੰਜਾਬ' ਦੇ ਗੀਤਾਂ ਵਿਚ ਦੇਸ਼ ਦੀ ਵੰਡ ਤੇ ਕਿਸਾਨਾਂ ਦਾ ਦਰਦ ਦੋਵੇਂ ਹਨ। ਗੀਤ ਦਾ ਮਤਲਬ ਹੈ,''1947 ਦੀ ਵੰਡ ਸਾਡੇ ਪੰਜਾਬੀਆਂ ਦੀਆਂ ਹੱਡੀਆਂ ਵਿਚ ਦਰਦ ਬਣ ਕੇ ਦੱਬੀ ਹੋਈ ਹੈ। ਸਾਨੂੰ ਸਾਡੇ ਵਡੇਰਿਆਂ ਨੇ ਵੰਡ ਦੀਆਂ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਹਨ, ਉਹ ਹੁਣ ਹਸਰਤ ਬਣ ਕੇ ਨਿਕਲ ਰਹੀਆਂ ਹਨ। ਹਾਲੇ ਤਾਂ ਪਹਿਲਾਂ ਵਾਲਾ ਦਰਦ ਨਹੀਂ ਗਿਆ ਹੈ ਅਤੇ ਕਿਸਾਨਾਂ ਵਾਲਾ ਮੁੱਦਾ ਲਿਆ ਕੇ ਨਵਾਂ ਦਰਦ ਦੇ ਦਿੱਤਾ। ਚੜ੍ਹਦਾ ਪੰਜਾਬ ਲਹਿੰਦੇ ਪੰਜਾਬ ਨੂੰ ਆਵਾਜ਼ ਦੇ ਰਿਹਾ ਹੈ। ਦੁਨੀਆ ਕਹਿ ਰਹੀ ਹੈ ਕਿ ਸੁੱਤੇ ਸ਼ੇਰ ਨੂੰ ਜਗਾ ਦਿੱਤਾ।''

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਸਿਨੋਫਾਰਮ ਤੋਂ ਕੋਰੋਨਾ ਵੈਕਸੀਨ ਦੀਆਂ 12 ਲੱਖ ਡੋਜ਼ ਖਰੀਦੇਗਾ ਪਾਕਿ

ਲਿਜਾਜ਼ ਘੁਗ ਦਾ ਗੀਤ ਹੈ 'ਖੂਨ ਖੰਨਾ ਦਾ ਵੀ ਉਹੀ, ਖੂਨ ਲਾਹੌਰ ਦਾ ਵੀ ਉਹੀ। ਲਾਇਲਪੁਰ ਦਾ ਖੂਨ ਲੁਧਿਆਣਾ ਵਿਚ ਹੈ। ਸਾਡੀ ਇਕ ਜ਼ੁਬਾਨ, ਇਕ ਹੀ ਵਿਰਾਸਤ ਹੈ। ਇਸ ਲਈ ਬਜ਼ੁਰਗ ਕਹਿੰਦੇ ਹਨ ਸਾਂਝਾ ਪੰਜਾਬ (ਚੜ੍ਹਦਾ-ਲਹਿੰਦਾ) ਆਪਣੇ ਆਪ ਵਿਚ ਵੱਖਰਾ ਹੈ। ਇਹ ਸਾਰੀ ਖੇਡ ਸਿਆਸੀ ਹੈ ਅਤੇ ਅਸੀਂ ਇਸ ਦੇ ਖਿਡੌਣੇ ਹਾਂ। ਸਾਡੇ ਖੂਨ ਵਿਚ ਤਾਂ ਸਿਰਫ ਪੰਜਾਬ ਹੈ। ਚੜ੍ਹਦਾ ਅਤੇ ਲਹਿੰਦਾ ਇਸੇ ਪੰਜਾਬ ਦੇ ਦੋ ਹਿੱਸੇ ਹਨ। ਭਰਾ ਇਹਨਾਂ ਵਿਚ ਕੋਈ ਫਰਕ ਨਹੀਂ ਹੈ।'

ਏ.ਆਰ. ਵਾਟੋ ਦੇ ਗੀਤ ਦਾ ਮਤਲਬ ਹੈ,'ਖੇਤਾਂ ਵਿਚ ਹਲ ਚਲਾਉਣ ਵਾਲੇ ਬਲਦਾਂ ਦੇ ਨਾਲ ਮੁੰਡਾ ਜਵਾਨ ਹੋਇਆ, ਉਸ ਨੂੰ ਅੱਜ ਅੱਤਵਾਦੀ ਕਿਹਾ ਜਾ ਰਿਹਾ ਹੈ। ਉਹ ਆਪਣੇ ਹੀ ਖੇਤਾਂ ਵਿਚ ਗੁਲਾਮ ਹੋ ਜਾਣ ਦੇ ਖਦਸ਼ੇ ਵਿਚ ਹੈ। ਇਸ ਲਈ ਇਹ ਕਿਸਾਨ ਅੱਜ ਜਜ਼ਬਾਤੀ ਹੋ ਗਿਆ ਹੈ। ਚੜ੍ਹਦਾ ਪੰਜਾਬ ਖੁਦ ਨੂੰ ਇਕੱਲਾ ਨਾ ਸਮਝੇ।'

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News