ਨਵਾਜ਼ ਦੇ ਫਾਇਦੇ ਲਈ ਸਰਹੱਦ 'ਤੇ ਵਧਦਾ ਹੈ ਤਣਾਅ : ਇਮਰਾਨ ਖਾਨ

07/15/2018 11:19:46 PM

ਇਸਲਾਮਾਬਾਦ— 25 ਜੁਲਾਈ ਨੂੰ ਪਾਕਿਸਤਾਨ 'ਚ ਚੋਣਾਂ ਹੋਣ ਵਾਲੀਆਂ ਹਨ। ਪਰ ਪਾਕਿਸਤਾਨ 'ਚ ਭਾਰਤ ਫਿਰ ਚੋਣ ਮੁੱਦਾ ਬਣਿਆ ਹੋਇਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਨਵਾਜ਼ ਸ਼ਰੀਫ ਮੁਸੀਬਤ 'ਚ ਹੁੰਦੇ ਹਨ ਤਾਂ ਪਾਕਿਸਤਾਨ ਦੀ ਸਰਹੱਦ 'ਤੇ ਤਣਾਅ ਵਧ ਜਾਂਦਾ ਹੈ। ਨਾਲ ਹੀ ਅੱਤਵਾਦੀ ਗਤੀਵਿਧੀਆਂ ਵੀ ਵਧ ਜਾਂਦੀਆਂ ਹਨ। ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਕੀ ਇਹ ਸਿਰਫ ਇਕ ਸੰਜੋਗ ਹੈ?
ਇਹ ਹੀ ਨਹੀਂ ਉਨ੍ਹਾਂ ਦੀ ਪਾਰਟੀ ਦੇ ਵਰਕਰ ਪਾਕਿਸਤਾਨ 'ਚ ਇਕ ਨਾਰਾ ਵੀ ਲਗਾ ਰਹੇ ਹਨ। ਉਹ ਚੋਣ ਪ੍ਰਚਾਰ ਦੌਰਾਨ ਕਹਿ ਰਹੇ ਹਨ ਕਿ ਮੋਦੀ ਦਾ ਜੋ ਯਾਰ ਹੈ, ਉਹ ਗੱਦਾਰ ਹੈ। ਭਾਰਤ 'ਚ ਵੀ ਇਸ ਟਵੀਟ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਤੋਂ ਬਾਅਦ ਕਾਂਗਰਸ ਨੇ ਟਵੀਟ ਕਰਕੇ ਪੁੱਛਿਆ ਕਿ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਹਨ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਚੰਗੇ ਦੋਸਤ ਮੋਦੀ ਹੁਣ ਕੀ ਕਹਿਣਗੇ? ਇਸ ਦੇ ਜਵਾਬ 'ਚ ਭਾਜਪਾ ਨੇ ਵੀ ਟਵੀਟ ਕਰਕੇ ਕਾਂਗਰਸ 'ਤੇ ਸ਼ਬਦੀ ਹਮਲਾ ਬੋਲਿਆ ਹੈ ਕਿ ਜੋ ਬੇਲ 'ਤੇ ਬਾਹਰ ਹਨ ਉਨ੍ਹਾਂ ਨੂੰ ਜੇਲ ਜਾਣਾ ਹੋਵੇਗਾ।
ਉਥੇ ਦੂਜੇ ਪਾਸੇ ਨਵਾਜ਼ ਸ਼ਰੀਫ ਤੇ ਮਰਿਅਮ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ 'ਚ ਰੱਖਿਆ ਗਿਆ ਹੈ। ਜਿਥੇ ਉਨ੍ਹਾਂ ਨੂੰ ਸਕੂਨ ਭਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਵੀ.ਆਈ.ਪੀ. ਬੈਰਕ 'ਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਹੋਈ ਹੈ ਜਦਕਿ ਮਰਿਅਮ ਨੂੰ 7 ਸਾਲ ਤੇ ਨਵਾਜ਼ ਦੇ ਜਵਾਈ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਵਾਜ਼ ਤੇ ਮਰਿਅਮ ਨੇ ਸ਼ੁੱਕਰਵਾਰ ਨੂੰ ਲੰਡਨ ਤੋਂ ਪਰਤ ਕੇ ਸਿਰੰਡਰ ਕੀਤਾ ਹੈ। ਉਹ ਕਾਫੀ ਸਮੇਂ ਤੋਂ ਲੰਡਨ 'ਚ ਸਨ, ਜਿਥੇ ਉਹ ਆਪਣੀ ਬੀਮਾਰ ਪਤਨੀ ਦੇ ਕੈਂਸਰ ਦਾ ਇਲਾਜ ਕਰਵਾ ਰਹੇ ਸਨ।


Related News