ਪਾਕਿਸਤਾਨ: ਮੌਬ ਲਿਚਿੰਗ ਦੇ ਸ਼ਿਕਾਰ ਸ਼੍ਰੀਲੰਕਾਈ ਨਾਗਰਿਕ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

Sunday, Dec 05, 2021 - 06:11 PM (IST)

ਪਾਕਿਸਤਾਨ: ਮੌਬ ਲਿਚਿੰਗ ਦੇ ਸ਼ਿਕਾਰ ਸ਼੍ਰੀਲੰਕਾਈ ਨਾਗਰਿਕ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦੀਆਵਦਾਨਾ ਦੀ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੀ ਭਿਆਨਕ ਘਟਨਾ ਦੇ ਬਾਅਦ ਪੋਸਟਮਾਰਟਮ ਰਿਪੋਰਟ ਜਾਰੀ ਹੋ ਚੁੱਕੀ ਹੈ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ‘ਜੀਓ ਨਿਊਜ਼’ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਦੀਆਵਦਾਨਾ ਦੇ ਸਰੀਰ ਦੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ ਅਤੇ ਲਾਸ਼ 99 ਫੀਸਦੀ ਸੜ ਚੁੱਕੀ ਸੀ। ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਇਕ ਕੱਪੜਾ ਫੈਕਟਰੀ 'ਤੇ ਹਮਲਾ ਕੀਤਾ ਅਤੇ ਉਸ ਦੇ ਜਨਰਲ ਮੈਨੇਜਰ ਦੀਆਵਦਾਨਾ (40) ਨੂੰ ਈਸ਼ਨਿੰਦਾ ਦੇ ਦੋਸ਼ 'ਚ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਰ ਭੀੜ ਨੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। 

ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਦਿਆਵਦਾਨਾ ਦੀ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਖੋਪੜੀ ਅਤੇ ਜਬਾੜੇ ਦੀ ਹੱਡੀ ਦਾ ਫ੍ਰੈਕਚਰ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਉਸ ਦੇ ਅਹਿਮ ਅੰਗ, ਲੀਵਰ, ਪੇਟ ਅਤੇ ਇਕ ਗੁਰਦਾ ਪ੍ਰਭਾਵਿਤ ਹੋਇਆ ਸੀ, ਜਦੋਂ ਕਿ ਸਾਰੇ ਸਰੀਰ 'ਤੇ ਤਸ਼ੱਦਦ ਦੇ ਨਿਸ਼ਾਨ ਸਨ। ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਗਈ ਸੀ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਦਿਆਵਦਾਨਾ ਦਾ 99 ਫੀਸਦੀ ਸਰੀਰ ਸੜ ਗਿਆ ਸੀ ਅਤੇ ਪੈਰ ਦੇ ਅੰਗੂਠੇ ਦੀ ਹੱਡੀ ਨੂੰ ਛੱਡ ਕੇ ਪੂਰੇ ਸਰੀਰ ਦੀਆਂ ਹੱਡੀਆਂ ਟੁੱਟ ਗਈਆਂ ਸਨ। ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਦੀਆਵਦਾਨਾ ਦੀ ਲਾਸ਼ ਨੂੰ ਲਾਹੌਰ ਭੇਜਿਆ ਜਾਵੇਗਾ, ਜਿੱਥੇ ਇਸ ਨੂੰ ਸ੍ਰੀਲੰਕਾ ਦੇ ਵਣਜ ਦੂਤਘਰ ਨੂੰ ਸੌਂਪ ਦਿੱਤਾ ਜਾਵੇਗਾ। ਰਿਪੋਰਟ 'ਚ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਸ਼੍ਰੀਲੰਕਾ ਭੇਜਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਲਿੰਚਿੰਗ ਦਾ ਸ਼ਿਕਾਰ ਹੋਏ ਸ਼੍ਰੀਲੰਕਾਈ ਨਾਗਰਿਕ ਦੀ ਪਤਨੀ ਨੇ ਲਾਈ ਇਨਸਾਫ ਦੀ ਗੁਹਾਰ

ਇਸ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਦਿਆਵਦਾਨਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਿਆਵਦਾਨਾ ਦੀ ਮੌਤ ਤੋਂ ਬਾਅਦ, ਇਕ ਹੋਰ ਵਿਅਕਤੀ ਲਾਸ਼ ਨੂੰ ਅੱਗ ਦੇ ਹਵਾਲੇ ਨਾ ਕਰਨ ਦੀ ਬੇਨਤੀ ਕਰਦਾ ਦਿਖਾਈ ਦਿੰਦਾ ਹੈ ਪਰ ਗੁੱਸੇ ਵਿਚ ਆਈ ਭੀੜ ਨੇ ਉਸ ਨੂੰ ਇਕ ਪਾਸੇ ਧੱਕ ਦਿੱਤਾ। ਪਾਕਿਸਤਾਨ ਸਰਕਾਰ 'ਤੇ ਦਬਾਅ ਵਧਣ ਤੋਂ ਬਾਅਦ ਇਸ ਘਟਨਾ 'ਚ 800 ਤੋਂ ਜ਼ਿਆਦਾ ਲੋਕਾਂ 'ਤੇ ਅੱਤਵਾਦ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ 118 ਵਿੱਚੋਂ 13 ਮੁੱਖ ਸ਼ੱਕੀ ਹਨ। ਸ਼੍ਰੀਲੰਕਾ ਦੀ ਸੰਸਦ, ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਗੇ ਅਤੇ ਬਾਕੀ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪਾਲਣਾ ਕਰਨਗੇ।

ਪੜ੍ਹੋ ਇਹ ਅਹਿਮ ਖਬਰ -ਬੇਰਹਿਮ ਪਿਤਾ ਅਤੇ ਮਤਰੇਈ ਮਾਂ ਨੇ ਛੇ ਸਾਲਾ 'ਮਾਸੂਮ' ਦਾ ਕੀਤਾ ਕਤਲ, ਅਦਾਲਤ ਨੇ ਸੁਣਾਈ ਸਜ਼ਾ


author

Vandana

Content Editor

Related News