ਭਾਰਤ ''ਚ ਹੋਣ ਵਾਲੇ SCO ਸਿਖਰ ਸੰਮੇਲਨ ''ਚ ਸ਼ਾਮਲ ਹੋਣਗੇ ਪਾਕਿਸਤਾਨ PM ਸ਼ਾਹਬਾਜ਼ ਸ਼ਰੀਫ, ਜਾਣੋ ਪੂਰਾ ਸ਼ੈਡਿਊਲ

Saturday, Jul 01, 2023 - 06:07 PM (IST)

ਭਾਰਤ ''ਚ ਹੋਣ ਵਾਲੇ SCO ਸਿਖਰ ਸੰਮੇਲਨ ''ਚ ਸ਼ਾਮਲ ਹੋਣਗੇ ਪਾਕਿਸਤਾਨ PM ਸ਼ਾਹਬਾਜ਼ ਸ਼ਰੀਫ, ਜਾਣੋ ਪੂਰਾ ਸ਼ੈਡਿਊਲ

ਨਵੀਂ ਦਿੱਲੀ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 4 ਜੁਲਾਈ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ 'ਚ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲੈਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਇਹ ਐਲਾਨ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਿਖਰ ਸੰਮੇਲਨ ਵਿੱਚ ਸ਼ਰੀਫ ਦੀ ਭਾਗੀਦਾਰੀ ਦਰਸਾਉਂਦੀ ਹੈ ਕਿ ਪਾਕਿਸਤਾਨ ਐੱਸਸੀਓ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ, ਜੋ ਖੇਤਰੀ ਸੁਰੱਖਿਆ, ਖੁਸ਼ਹਾਲੀ ਅਤੇ ਖੇਤਰ ਦੇ ਨਾਲ ਸਬੰਧਾਂ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਮੰਚ ਹੈ। ਇਸ ਵਿੱਚ ਕਿਹਾ ਗਿਆ ਹੈ, "ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ SCO ਦੇ ਰਾਜ ਮੁਖੀਆਂ ਦੀ 23ਵੀਂ ਮੀਟਿੰਗ ਵਿੱਚ ਹਿੱਸਾ ਲੈਣਗੇ, ਜਿਸ ਦਾ ਆਯੋਜਨ ਵੀਡੀਓ ਕਾਨਫਰੰਸ ਦੇ ਰਾਹੀਂ 4 ਜੁਲਾਈ, 2023 ਨੂੰ ਹੋਵੇਗਾ।"

ਬਿਆਨ ਦੇ ਅਨੁਸਾਰ, ਐੱਸਸੀਓ ਦੇ ਮੌਜੂਦਾ ਪ੍ਰਧਾਨ ਦੀ ਹੈਸੀਅਤ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ। ਇਸ ਬੈਠਕ 'ਚ ਮਹੱਤਵਪੂਰਨ ਗਲੋਬਲ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ ਅਤੇ SCO ਦੇ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ ਦੀ ਭਵਿੱਖੀ ਦਿਸ਼ਾ ਤੈਅ ਕੀਤੀ ਜਾਵੇਗੀ। ਇਸ ਸਾਲ ਵੀ ਐੱਸਸੀਓ ਮੈਂਬਰ ਦੇਸ਼ਾਂ ਦੇ ਮੁਖੀ ਈਰਾਨ ਦਾ ਸੰਗਠਨ ਦੇ ਨਵੇਂ ਮੈਂਬਰ ਵਜੋਂ ਸਵਾਗਤ ਕਰਨਗੇ। SCO ਦੀ ਸਥਾਪਨਾ ਸਾਲ 2001 ਵਿੱਚ ਸ਼ੰਘਾਈ ਵਿੱਚ ਆਯੋਜਿਤ ਕੀਤੇ ਗਏ ਇਕ ਸਿਖਰ ਸੰਮੇਲਨ ਵਿੱਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੁਆਰਾ ਕੀਤੀ ਗਈ ਸੀ। ਐੱਸਸੀਓ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਵਾਰੀ-ਵਾਰੀ ਇਸ ਦੇ ਮੈਂਬਰ ਦੇਸ਼ਾਂ ਨੂੰ ਮਿਲਦੀ ਹੈ। ਭਾਰਤ ਨੂੰ ਇਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਪਿਛਲੇ ਸਾਲ 16 ਸਤੰਬਰ ਨੂੰ ਹੋਏ ਸਮਰਕੰਦ ਸੰਮੇਲਨ ਵਿੱਚ ਸੌਂਪੀ ਗਈ ਸੀ। ਵਿਦੇਸ਼ ਮੰਤਰਾਲੇ ਨੇ ਮਈ ਵਿੱਚ ਘੋਸ਼ਣਾ ਕੀਤੀ ਸੀ ਕਿ ਭਾਰਤ ਇੱਕ ਵਰਚੁਅਲ ਮਾਧਿਅਮ ਰਾਹੀਂ 4 ਜੁਲਾਈ ਨੂੰ ਐੱਸਸੀਓ ਸੰਮੇਲਨ ਦੀ ਮੇਜ਼ਬਾਨੀ ਕਰੇਗਾ।


author

Harinder Kaur

Content Editor

Related News