ਸਾਊਦੀ ਅਰਬ ਤੇ ਈਰਾਨ ਦੀ ਯਾਤਰਾ ''ਤੇ ਜਾ ਰਹੇ ਹਨ ਇਮਰਾਨ ਖਾਨ

10/10/2019 6:02:43 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੱਧ-ਪੂਰਬ 'ਚ ਤਣਾਅ ਘੱਟ ਕਰਨ ਦੀਆਂ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਸ ਮਹੀਨੇ ਦੇ ਅਖੀਰ 'ਚ ਸਾਊਦੀ ਅਰਬ ਤੇ ਈਰਾਨ ਯਾਤਰਾ 'ਤੇ ਜਾ ਸਕਦੇ ਹਨ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।

ਖਾਨ ਨੇ ਪਿਛਲੇ ਮਹੀਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਏਸ਼ੀਆ 'ਚ ਤਣਾਅ ਘੱਟ ਕਰਨ ਲਈ ਉਨ੍ਹਾਂ ਨੂੰ ਈਰਾਨ ਦੇ ਨਾਲ ਵਿਚੋਲਗੀ ਕਰਨ ਲਈ ਕਿਹਾ ਸੀ। ਹਾਲਾਂਕਿ ਟਰੰਪ ਨੇ ਬਾਅਦ 'ਚ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਕੁਝ ਅਜਿਹਾ ਤੈਅ ਨਹੀਂ ਹੋਇਆ। 'ਐਕਸਪ੍ਰੈੱਸ ਟ੍ਰਿਬਿਊਨ' ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਖਾਨ, ਈਰਾਨ ਤੇ ਸਾਊਦੀ ਅਰਬ ਦੇ ਵਿਚਾਲੇ ਵਿਚੋਲਗੀ ਲਈ ਇਸ ਮਹੀਨੇ ਦੇ ਅਖੀਰ 'ਚ ਤਹਿਰਾਨ ਤੇ ਰਿਆਦ ਦੀ ਯਾਤਰਾ 'ਤੇ ਜਾ ਸਕਦੇ ਹਨ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਯਾਤਰਾ ਦੀ ਤਰੀਕ ਤੈਅ ਨਹੀਂ ਹੋਈ ਹੈ।

ਸਾਊਦੀ ਅਰਬ ਦੇ ਤੇਲ ਪਲਾਂਟ 'ਤੇ ਪਿਛਲੇ ਮਹੀਨੇ ਮਿਜ਼ਾਇਲ ਹਮਲੇ ਤੋਂ ਬਾਅਦ ਤਹਿਰਾਨ ਤੇ ਰਿਆਦ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ। ਹਮਲਿਆਂ ਦੀ ਜ਼ਿੰਮੇਦਾਰੀ ਹੂਤੀ ਵਿਧਰੋਹੀਆਂ ਨੇ ਲਈ ਸੀ, ਜਿਸ ਦੇ ਲਈ ਸਾਊਦੀ ਅਰਬ ਤੇ ਅਮਰੀਕਾ ਈਰਾਨ ਨੂੰ ਜ਼ਿੰਮੇਦਾਰ ਮੰਨਦੇ ਹਨ। ਹਾਲਾਂਕਿ ਈਰਾਨ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਚੁੱਕਿਆ ਹੈ।


Baljit Singh

Content Editor

Related News