ਪੰਜਾਬ: ਗੈਂਗਸਟਰ ਮਨਪ੍ਰੀਤ ਮੰਨਾ ਦੀ ਵਾਇਰਲ ਵੀਡੀਓ ਮਾਮਲੇ 'ਚ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ
Monday, Jul 06, 2026 - 02:29 PM (IST)
ਹੁਸ਼ਿਆਰਪੁਰ (ਵਾਰਤਾ)- ਹੁਸ਼ਿਆਰਪੁਰ ਦੀ ਸੈਂਟਰਲ ਜੇਲ੍ਹ ਵਿਚੋਂ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਪੁਲਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਜੇਲ੍ਹ ਦੇ ਸੁਪਰਡੈਂਟ ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਕੀਤੀ ਹੈ।

ਪੁਲਸ ਸੁਤਰਾਂ ਮੁਤਾਬਕ ਹਰਭਜਨ ਸਿੰਘ ਨੂੰ 4 ਅਤੇ 5 ਜੁਲਾਈ ਦੀ ਦਰਮਿਆਨੀ ਰਾਤ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਨੇ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐੱਸ. ਪੀ. ਰੈਂਕ ਦੇ ਇਕ ਅਧਿਕਾਰੀ ਦੀ ਨਿਗਰਾਨੀ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਕੀਤੀ, ਜਿਸ 'ਚ ਉਕਤ ਜੇਲ੍ਹ ਅਧਿਕਾਰੀ ਅਤੇ ਵਾਰਡਨ ਦੀਆਂ ਕੁਤਾਈਆਂ ਸਾਹਮਣੇ ਆਈਆਂ। ਉਨ੍ਹਾਂ ਦੱਸਿਆ ਕਿ ਐਡੀਸ਼ਨਲ ਸੁਪਰਡੈਂਟ ਨੂੰ ਬੀਤੀ ਦੇਰ ਰਾਤ ਅਤੇ ਵਾਰਡਨ ਨੂੰ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਠਿਤ ਟੀਮ ਦੀ ਰਿਪੋਰਟ ਤੋਂ ਬਾਅਦ ਕੇਂਦਰੀ ਜੇਲ੍ਹ ਦੇ ਨਿਰੀਖ਼ਕ ਹਰਭਜਨ ਸਿੰਘ ਅਤੇ ਵਾਰਡਨ ਸਮੇਤ 12 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ, ਜਿਸ ਵਿਚ ਅਸਿਸਟੈਂਟ ਜੇਲ੍ਹਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab:ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ

ਇਹ ਕਾਰਵਾਈ 14 ਜੂਨ ਨੂੰ ਸਿਟੀ ਥਾਣਾ ਹੁਸ਼ਿਆਰਪੁਰ ਵਿਚ ਦਰਜ ਕੀਤੀ ਗਈ ਐੱਫ਼. ਆਈ. ਆਰ. 151 ਦੇ ਸਬੰਧ ਵਿਚ ਕੀਤੀ ਗਈ ਹੈ। ਮਾਮਲਾ ਪੰਜਾਬ ਪ੍ਰਿਜ਼ਨਸ ਐਂਡ ਕਰੈਕਸ਼ਨਲ ਸਰਵਿਸੇਜ਼ ਐਕਟ, ਐੱਨ. ਡੀ. ਪੀ. ਐੱਸ. ਐਕਟ ਅਤੇ ਭਾਰਤੀ ਨਿਆ ਸੰਹਿਤਾ (ਬੀ. ਐੱਨ. ਐੱਸ) ਦੀਆਂ ਵੱਖ-ਵੱਖ ਧਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਪੁਲਸ ਨੇ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਜੇਲ੍ਹ ਅਧਿਕਾਰੀ ਦੀ ਗ੍ਰਿਫ਼ਤਾਰੀ ਕਿਹੜੇ ਸਬੂਤਾਂ ਜਾਂ ਦੋਸ਼ਾਂ ਦੇ ਆਧਾਰ 'ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜ਼ਿਕਰਯੋਗ ਹੈ ਕਿ 14 ਜੂਨ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਾਸੀ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਹੁਸ਼ਿਆਰਪੁਰ ਦੀ ਜੇਲ੍ਹ ਵਿਚ ਬੰਦ ਹੈ। ਉਸ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਵੀਡੀਓ ਵਿਚ ਮਨਪ੍ਰੀਤ ਸਿੰਘ ਨੇ ਜੇਲ੍ਹ ਕਰਮਚਾਰੀਆਂ 'ਤੇ ਤਸੀਹੇ ਦੇਣ, ਪੈਸੇ ਮੰਗਣ ਅਤੇ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਉਪਲਬੱਧਤਾ ਵਰਗੇ ਗੰਭੀਰ ਦੋਸ਼ ਲਗਾਏ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕੁਝ ਜੇਲ੍ਹ ਕਰਮਚਾਰੀ ਕੈਦੀਆਂ ਨਾਲ ਕੁੱਟਮਾਰ ਕਰਦੇ ਹਨ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜੇਲ੍ਹਾਂ ਵਿਚ ਸੁਧਾਰ ਅਤੇ ਕੈਦੀਆਂ ਨੂੰ ਵਧੀਆ ਜ਼ਿੰਦਗੀ ਦਾ ਮੌਕਾ ਦੇਣ ਦੀ ਅਪੀਲ ਕੀਤੀ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਮਨਪ੍ਰੀਤ ਸਿੰਘ ਦੀ ਬੈਰਕ ਦੀ ਤਲਾਸ਼ੀ ਵਿਚ ਉਸ ਦੇ ਕਬਜ਼ੇ ਵਿਚੋਂ ਸਿਮ ਕਾਰਡ ਵਾਲਾ ਇਕ ਮੋਬਾਇਲ ਫੋਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਬਾਅਦ ਉਸ ਦੇ ਖ਼ਿਲਾਫ਼ ਵੀ ਸਬੰਧਤ ਧਰਾਵਾਂ ਦੇ ਤਹਿ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਦਸੂਹਾ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
ਇਸ ਘਟਨਾ ਨੇ ਸਿਆਸੀ ਵਿਵਾਦ ਵੀ ਖੜ੍ਹਾ ਕਰ ਦਿੱਤਾ ਸੀ। ਵਿਰੋਧੀ ਧਿਰਾਂ ਨੇ ਸਵਾਲ ਚੁੱਕਿਆ ਸੀ ਕਿ ਹਾਈ-ਸਕਿਓਰਿਟੀ ਜੇਲ੍ਹ ਵਿਚ ਬੰਦ ਇਕ ਗੈਂਗਸਟਰ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਤੱਕ ਕਿਵੇਂ ਪਹੁੰਚਾਉਣ ਵਿਚ ਸਫ਼ਲ ਹੋ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
12 ਮੁਲਜ਼ਮ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ 12 ਮੁਲਜ਼ਮਾਂ 'ਚ ਹਰਭਜਨ ਸਿੰਘ ਅਤੇ ਵਾਰਡਨ ਰਵਿੰਦਰ ਸਿੰਘ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ 'ਚ ਮਨਪ੍ਰੀਤ ਸਿੰਘ ਮੰਨਾ, ਗੁਰਵਿੰਦਰ ਸਿੰਘ ਉਰਫ਼ ਬਾਬਾ, ਗੁਰਵਿੰਦਰਜੀਤ ਸਿੰਘ ਉਰਫ਼ ਹੈਪੀ, ਇੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਉਰਫ਼ ਮੋਨੂੰ, ਭੂਮੀ ਸਿੰਘ, ਗੁਰਜਿੰਦਰ ਸਿੰਘ ਉਰਫ਼ ਬੂਟਰ, ਹਰਵਿੰਦਰ ਸਿੰਘ ਉਰਫ਼ ਮਨੂ, ਰਾਕੇਸ਼ ਕੁਮਾਰ ਉਰਫ਼ ਕੇਸ਼ਾ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: 13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ ਵਜਾਉਣਗੇ ਚੋਣ ਬਿਗੁਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
