ਨਾ ਸੰਭਲਿਆ ਪਾਕਿ ਤਾਂ ਜੂਨ ਤੱਕ 2 ਕਰੋੜ ਹੋਵੇਗੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ
Tuesday, Mar 24, 2020 - 01:00 PM (IST)
ਇਸਲਾਮਾਬਾਦ- ਦੁਨੀਆਭਰ ਵਿਚ ਕਹਿਰ ਵਰ੍ਹਾ ਰਹੇ ਕੋਰੋਨਾਵਾਇਰਸ ਦੀ ਦਹਿਸ਼ਤ ਪਾਕਿਸਤਾਨ ਵਿਚ ਵੀ ਵਧਦੀ ਜਾ ਰਹੀ ਹੈ। ਹੁਣ ਪਾਕਿਸਤਾਨ ਦੇ ਇਕ ਅਖਬਾਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਜਲਦੀ ਇਸ ਵਾਇਰਸ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਪਾਕਿਸਤਾਨ ਵਿਚ ਜੂਨ ਮਹੀਨੇ ਤੱਕ ਇਸ ਦਾ ਅੰਕੜਾ 2 ਕਰੋੜ ਨੂੰ ਛੋਹ ਲਵੇਗਾ। ਪਾਕਿਸਤਾਨ ਲਈ ਇਕ ਅੰਕੜਾ ਬੇਹੱਦ ਹੈਰਾਨ ਕਰਨ ਵਾਲਾ ਹੈ।
ਦੱਸ ਦਈਏ ਕਿ ਪਾਕਿਸਤਾਨ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ 878 ਤੱਕ ਪਹੁੰਚ ਗਈ ਹੈ। ਇਥੇ ਸਿੰਧ ਵਿਚ ਵਾਇਰਸ ਦੇ 394 ਮਾਮਲੇ, ਪੰਜਾਬ ਵਿਚ 249 ਮਾਮਲੇ, ਬਲੋਚਿਸਤਾਨ ਵਿਚ 110 ਮਾਮਲੇ, ਗੁਲਾਮ ਕਸ਼ਮੀਰ ਵਿਚ 72 ਮਾਮਲੇ, ਖੈਬਰ ਪਖਤੂਨਖਵਾ ਵਿਚ 38 ਮਾਮਲੇ ਤੇ ਇਸਲਾਮਾਬਾਦ ਵਿਚ 15 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਉਥੇ ਹੀ ਦੁਨੀਆਭਰ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦੱਸ ਰਹੇ ਹਨ ਕਿ ਦੁਨੀਆ ਦੇ 190 ਦੇਸ਼ਾਂ ਵਿਚ ਹੁਣ ਤੱਕ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਦੇ ਕਾਰਨ 16 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3.5 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਡਾਨ ਵਿਚ ਛਪੀ ਖਬਰ ਮੁਤਾਬਕ ਕੋਰੋਨਾਵਾਇਰਸ ਪੂਰੀ ਦੁਨੀਆ ਨੂੰ ਬਹੁਤ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਵੀ ਬੈਠ ਰਹੀ ਹੈ। ਇੰਨਾਂ ਹੀ ਨਹੀਂ ਇਸ ਦੌਰਾਨ ਇਸ ਵਾਇਰਸ ਨੂੰ ਲੈ ਕੇ ਤੇਜ਼ੀ ਨਾਲ ਗਲਤ ਸੂਚਨਾਵਾਂ ਵੀ ਫੈਲ ਰਹੀਆਂ ਹਨ। ਖਬਰ ਮੁਤਾਬਕ ਅਜੇ ਇਸ ਦੀ ਭਿਆਨਕ ਸਥਿਤੀ ਆਉਣੀ ਬਾਕੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੂਨ 2020 ਤੱਕ ਇਸ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਹੈ। ਮਾਹਰਾਂ ਮੁਤਾਬਕ ਇਹ ਅੰਕੜਾ ਸਿਰਫ ਪਾਕਿਸਤਾਨ ਦਾ ਹੈ। ਉਥੇ ਹੀ ਜੁਲਾਈ 2020 ਤੱਕ ਪੂਰੀ ਦੁਨੀਆ ਵਿਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 6 ਅਰਬ ਤੱਕ ਜਾ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਨਿਪਟਣ ਦੇ ਲਈ ਪਾਕਿਸਤਾਨ ਨੂੰ ਵੱਡੇ ਪੈਮਾਨੇ 'ਤੇ ਐਕਸ਼ਨ ਲੈਣਾ ਪਵੇਗਾ ਪਰ ਇਹ ਉਦੋਂ ਤੱਕ ਮੁਮਕਿਨ ਨਹੀਂ ਹੋਵੇਗਾ ਜਦੋਂ ਤੱਕ ਸਰਕਾਰ ਇਸ 'ਤੇ ਪੂਰਾ ਜ਼ੋਰ ਨਾ ਲਾਵੇ ਤੇ ਇਸ ਵਿਚ ਲੋਕਾਂ ਦੀ ਹਿੱਸੇਦਾਰੀ ਨਾ ਹੋਵੇ।