ਕਰਤਾਰਪੁਰ ਕੋਰੀਡੋਰ : ਅੱਜ ਤੋਂ ਸ਼ੁਰੂ ਹੋਣ ਵਾਲੀ ਰਜਿਸਟ੍ਰੇਸ਼ਨ ਟਲੀ

10/20/2019 6:17:19 PM

ਇਸਲਾਮਾਬਾਦ/ਡੇਰਾ ਬਾਬਾ ਨਾਨਕ (ਬਿਊਰੋ)—  ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਭਾਵ 20 ਅਕਤੂਬਰ ਤੋਂ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਸੀ ਫਿਲਹਾਲ ਉਹ ਟਾਲ ਦਿੱਤੀ ਗਈ ਹੈ। ਇਸ ਦਾ ਮੁੱਖ ਕਾਰਨ ਪਾਕਿਸਤਾਨ ਦੇ ਫਾਈਨਲ ਡਰਾਫਟ 'ਤੇ ਹੁਣ ਤੱਕ ਸਹਿਮਤੀ ਜ਼ਾਹਰ ਨਾ ਹੋਣਾ ਦੱਸਿਆ ਗਿਆ ਹੈ। ਪਾਕਿਸਤਾਨ ਹਾਲੇ ਵੀ 20 ਡਾਲਰ ਪ੍ਰਤੀ ਸ਼ਰਧਾਲੂ ਵੀਜ਼ਾ ਫੀਸ ਲੈਣ ਦੀ ਗੱਲ 'ਤੇ ਅੜਿਆ ਹੋਇਆ ਹੈ, ਜਿਸ ਦਾ ਭਾਰਤ ਲਗਾਤਾਰ ਵਿਰੋਧ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜਾਣ ਦੇ ਚਾਹਵਾਨ ਭਾਰਤੀ ਸ਼ਰਧਾਲੂ 20 ਅਕਤੂਬਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ ਜੋ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ। ਕਰਤਾਰਪੁਰ ਕੋਰੀਡੋਰ 'ਤੇ ਪਾਕਿਸਤਾਨ ਵੱਲੋਂ ਵੀਜ਼ਾ ਫੀਸ ਲਗਾਉਣ ਦੇ ਬਾਰੇ ਵਿਚ ਬੀਜੇਪੀ ਆਗੂ ਤੇ ਸਾਬਕਾ ਸਾਂਸਦ ਜਨਰਲ ਵੀ.ਕੇ. ਸਿੰਘ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਫੀਸ ਨਾ ਦੇਣੀ ਪਵੇ। 

ਜੇਕਰ ਪਾਕਿਸਤਾਨ ਸਹਿਮਤ ਨਾ ਹੋਇਆ ਤਾਂ ਸਰਕਾਰ ਕੋਈ ਹੋਰ ਹੱਲ ਲੱਭੇਗੀ ਤਾਂ ਜੋ ਸ਼ਰਧਾਲੂਆਂ ਨੂੰ ਫੀਸ ਨਾ ਦੇਣੀ ਪਵੇ। ਜਾਣਕਾਰੀ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਕੋਰੀਡੋਰ ਦਾ ਉਦਘਾਟਨ ਕਰਨਗੇ। ਸ਼ਨੀਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਤੋਂ ਕੋਰੀਡੋਰ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਜਾਵੇਗਾ।


Vandana

Content Editor

Related News