ਅਫਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਲਗਾ ਰਿਹਾ ਪਾਕਿਸਤਾਨ : ਗ੍ਰਹਿ ਮੰਤਰੀ
Tuesday, Sep 07, 2021 - 02:17 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਲਈ ਉਹਨਾਂ ਦਾ ਦੇਸ਼ ਕੋਈ ਨਵਾਂ ਕੈਂਪ ਸਥਾਪਿਤ ਨਹੀਂ ਕਰ ਰਿਹਾ ਹੈ। 'ਬਿਜ਼ਨੈੱਸ ਰਿਕਾਰਡਰ' ਦੀ ਖ਼ਬਰ ਮੁਤਾਬਕ ਰਸ਼ੀਦ ਨੇ ਕਿਹਾ ਕਿ ਸਰਹੱਦ 'ਤੇ ਕੋਈ ਅਫਗਾਨ ਸ਼ਰਨਾਰਥੀ ਨਹੀਂ ਹੈ ਅਤੇ ਸਰਕਾਰ ਨੇ ਉਸ ਇਲਾਕੇ ਵਿਚ ਕੋਈ ਕੈਂਪ ਸਥਾਪਿਤ ਨਹੀਂ ਕੀਤਾ ਹੈ।
ਰਸ਼ੀਦ ਨੇ ਐਤਵਾਰ ਨੂੰ ਤੋਰਖਮ ਸਰਹੱਦ ਦਾ ਦੌਰਾ ਕੀਤਾ ਸੀ ਜਿੱਥੇ ਉਹਨਾਂ ਨੇ ਇਹ ਬਿਆਨ ਦਿੱਤਾ। ਦੇਸ਼ ਵਿਚ ਪਹਿਲਾਂ ਤੋਂ ਹੀ ਲੱਗਭਗ 30 ਲੱਖ ਅਫਗਾਨ ਸ਼ਰਨਾਰਥੀ ਹਨ ਅਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਸਰਹੱਦ 'ਤੇ ਲੋਕ ਇਕੱਠੇ ਹੋ ਕੇ ਪਾਕਿਸਤਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਵਿਚ ਰਹਿ ਰਹੇ ਸ਼ਰਨਾਰਥੀਆਂ ਵਿਚੋਂ ਲੱਗਭਗ ਅੱਧੇ ਲੋਕ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ ਕਿਉਂਕਿ ਉਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ।ਅਧਿਕਾਰਤ ਤੌਰ 'ਤੇ ਲੱਗਭਗ 15 ਲੱਖ ਸ਼ਰਨਾਰਥੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਉਹਨਾਂ ਕੋਲ ਰਹਿਣ, ਕੰਮ ਕਰਨ ਅਤੇ ਸਰਹੱਦ ਪਾਰ ਜਾਣ ਲਈ ਦਸਤਾਵੇਜ਼ ਹਨ।
ਪੜ੍ਹੋ ਇਹ ਅਹਿਮ ਖਬਰ - ਕਾਬੁਲ : 'ਪਾਕਿ ਵਿਰੋਧੀ ਰੈਲੀ' 'ਤੇ ਤਾਲਿਬਾਨ ਵੱਲੋਂ ਗੋਲੀਬਾਰੀ, ISI ਚੀਫ ਹੋਟਲ ਨੇੜੇ ਕਰ ਰਹੇ ਸੀ ਵਿਰੋਧ
ਅਫਗਾਨਿਤਾਨ ਦੀ ਸੱਤਾ 'ਤੇ ਤਾਲਿਬਾਨ ਦੇ ਕਾਬਿਜ਼ ਹੋਣ ਦੇ ਬਾਅਦ ਤੋਂ ਹੀ ਪਾਕਿਸਤਾਨ ਕਹਿੰਦਾ ਰਿਹਾ ਹੈ ਕਿ ਉਹ ਹੋਰ ਸ਼ਰਨਾਰਥੀਆਂ ਨੂੰ ਸਵੀਕਾਰ ਨਹੀਂ ਕਰੇਗਾ ਪਰ ਉਸ ਦੇ ਮੰਤਰੀ ਇਸ ਵਿਸ਼ੇ 'ਤੇ ਵਿਰੋਧੀ ਬਿਆਨ ਦੇ ਰਹੇ ਹਨ। ਗ੍ਰਹਿ ਮੰਤਰੀ ਨੇ ਇਸ ਮੁੱਦੇ 'ਤੇ ਸਖ਼ਤ ਰਵੱਈਆ ਅਪਨਾਇਆ ਹੋਇਆ ਹੈ ਜਦਕਿ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਬੀਬੀਆਂ ਅਤੇ ਬੱਚਿਆਂ ਨੂੰ ਲੈ ਕੇ ਨਰਮੀ ਵਰਤੀ ਜਾਵੇਗੀ। ਹੁਣ ਤੱਕ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ।