ਬਣਨ ਜਾ ਰਿਹੈ ਇਕ ਹੋਰ ਸੂਬਾ ! ਗਿਲਗਿਤ-ਬਾਲਟਿਸਤਾਨ ਨੂੰ 5ਵਾਂ ਸੂਬਾ ਬਣਾਉਣ ਦੀ ਤਿਆਰੀ ''ਚ ਪਾਕਿਸਤਾਨ
Saturday, Jul 18, 2026 - 04:28 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਨੂੰ ਦੇਸ਼ ਦਾ 5ਵਾਂ ਸੂਬਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਗਿਲਗਿਤ-ਬਾਲਟਿਸਤਾਨ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਸੰਵਿਧਾਨ ਵਿਚ ਸੋਧ ਕਰ ਕੇ ਇਸ ਖੇਤਰ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ।
ਮਤੇ 'ਚ ਕਿਹਾ ਗਿਆ ਹੈ ਕਿ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਦੇ ਦੂਜੇ ਸੂਬਿਆਂ ਦੇ ਨਾਗਰਿਕਾਂ ਵਾਂਗ ਬਰਾਬਰ ਸੰਵਿਧਾਨਕ, ਸਿਆਸੀ ਅਤੇ ਲੋਕਤੰਤਰੀ ਅਧਿਕਾਰ ਦਿੱਤੇ ਜਾਣ। ਇਸ ਦੇ ਨਾਲ ਹੀ ਇਸ ਖੇਤਰ ਨੂੰ ਨੈਸ਼ਨਲ ਅਸੈਂਬਲੀ, ਸੈਨੇਟ ਅਤੇ ਹੋਰ ਸੰਘੀ ਸੰਵਿਧਾਨਕ ਸੰਸਥਾਵਾਂ ਵਿਚ ਪ੍ਰਤੀਨਿਧਤਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਮਤੇ ’ਤੇ ਮੁੱਖ ਮੰਤਰੀ, ਸਪੀਕਰ, ਡਿਪਟੀ ਸਪੀਕਰ, ਵਿਰੋਧੀ ਧਿਰ ਦੇ ਨੇਤਾ ਅਤੇ ਦੋ ਆਜ਼ਾਦ ਵਿਧਾਇਕਾਂ ਦੇ ਦਸਤਖਤ ਹਨ। ਹੁਣ ਇਸ ਨੂੰ ਅਗਲੀ ਮਨਜ਼ੂਰੀ ਲਈ ਪਾਕਿਸਤਾਨ ਦੀ ਸੰਸਦ ਵਿਚ ਭੇਜਿਆ ਜਾਵੇਗਾ।
