ਹੈਦਰਾਬਾਦ 'ਚ 100 ਤੋਂ ਵੱਧ ਦੁਕਾਨਾਂ ਕਰ'ਤੀਆਂ ਸੀਲ! ਪਾਕਿਸਤਾਨ ਪੁਲਸ ਦੀ ਵੱਡੀ ਕਾਰਵਾਈ
Wednesday, Jul 08, 2026 - 05:05 PM (IST)
ਕਰਾਚੀ (ਏਐਨਆਈ): ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿੱਚ ਪੁਲਸ ਵੱਲੋਂ ਰਾਤੋ-ਰਾਤ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ 100 ਤੋਂ ਵੱਧ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਪੁਲਸ ਦੀ ਇਸ ਕਾਰਵਾਈ ਨਾਲ ਪੂਰੇ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ ਅਤੇ ਵਪਾਰੀਆਂ ਨੇ ਪ੍ਰਸ਼ਾਸਨ 'ਤੇ ਬਿਨਾਂ ਕਿਸੇ ਨੋਟਿਸ ਦੇ ਰੁਜ਼ਗਾਰ ਖੋਹਣ ਦੇ ਦੋਸ਼ ਲਗਾਉਂਦੇ ਹੋਏ ਭਾਰੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਹੈਦਰਾਬਾਦ ਜ਼ਿਲ੍ਹਾ ਪੁਲਸ ਦੇ ਅਧਿਕਾਰੀਆਂ ਨੇ ਸਟੇਟ ਅਫ਼ਸਰ ਸਲਾਹੁਦੀਨ ਦੀ ਅਗਵਾਈ ਵਿੱਚ ਸਿਟੀ ਪੁਲਸ ਸਟੇਸ਼ਨ ਦੇ ਨੇੜੇ 'ਛੋਟੀ ਘਿੱਟੀ' ਇਲਾਕੇ ਵਿੱਚ ਇਹ ਆਪ੍ਰੇਸ਼ਨ ਚਲਾਇਆ।ਪੁਲਸ ਦਾ ਦਾਅਵਾ ਹੈ ਕਿ ਇਹ ਦੁਕਾਨਾਂ ਪੁਲਸ ਦੀ ਮਲਕੀਅਤ ਵਾਲੀ ਜ਼ਮੀਨ 'ਤੇ ਬਣੀਆਂ ਹੋਈਆਂ ਸਨ ਅਤੇ ਇਹ ਕਾਰਵਾਈ ਪਾਕਿਸਤਾਨ ਦੀ ਸੁਪਰੀਮ ਕੋਰਟ ਦੁਆਰਾ ਪੁਲਸ ਵਿਭਾਗ ਦੀਆਂ ਜਾਇਦਾਦਾਂ ਬਾਰੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ
ਜਿਵੇਂ ਹੀ ਦੁਕਾਨਦਾਰਾਂ ਨੂੰ ਇਸ ਕਾਰਵਾਈ ਦੀ ਖ਼ਬਰ ਮਿਲੀ, ਉਹ ਵੱਡੀ ਗਿਣਤੀ ਵਿੱਚ ਮੌਕੇ 'ਤੇ ਪਹੁੰਚ ਗਏ, ਜਿਸ ਮਗਰੋਂ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਿੱਖੀ ਬਹਿਸ ਅਤੇ ਝੜਪਾਂ ਵੀ ਹੋਈਆਂ। ਪ੍ਰਭਾਵਿਤ ਦੁਕਾਨਦਾਰਾਂ ਨੇ ਸਿਟੀ ਪੁਲਸ ਸਟੇਸ਼ਨ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਸੀਲ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਜੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਅਗਲੀ ਸੁਣਵਾਈ 10 ਜੁਲਾਈ ਨੂੰ ਹੋਣੀ ਹੈ, ਪਰ ਪੁਲਸ ਨੇ ਜਾਣਬੁੱਝ ਕੇ ਪਹਿਲਾਂ ਹੀ ਕਾਰਵਾਈ ਕਰ ਦਿੱਤੀ।
ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਲੱਖਾਂ-ਕਰੋੜਾਂ ਰੁਪਏ ਦਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਬੰਦ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਾਰੇ ਬਕਾਏ ਅਦਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਅਗਾਊਂ ਚੇਤਾਵਨੀ ਨਹੀਂ ਦਿੱਤੀ ਗਈ ਸੀ। ਵਪਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਪੂਰੇ ਸ਼ਹਿਰ ਵਿੱਚ ਕਾਰੋਬਾਰ ਬੰਦ ਕਰਕੇ ਹੜਤਾਲ ਕਰਨਗੇ। ਵਪਾਰੀਆਂ ਲਈ ਚੰਗੀ ਗੱਲ਼ ਇਹ ਹੈ ਕਿ ਇਸ ਅੰਦੋਲਨ ਨੂੰ ਕਈ ਸਿਆਸੀ ਪਾਰਟੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ। ਐੱਮ.ਕਿਊ.ਐੱਮ.-ਪੀ (MQM-P) ਦੇ ਸੰਸਦ ਮੈਂਬਰਾਂ, ਜਮਾਤ-ਏ-ਇਸਲਾਮੀ ਦੇ ਆਗੂਆਂ ਅਤੇ ਹੋਰ ਸਿਆਸੀ ਨੁਮਾਇੰਦਿਆਂ ਨੇ ਸੀਲ ਕੀਤੀ ਮਾਰਕੀਟ ਦੇ ਬਾਹਰ ਲਗਾਏ ਗਏ ਪ੍ਰਦਰਸ਼ਨ ਕੈਂਪ ਦਾ ਦੌਰਾ ਕੀਤਾ ਅਤੇ ਵਪਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਲਾਕੇ ਵਿੱਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
