ਪਾਕਿਸਤਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਲਵੀ ਦਾ ਭਾਰਤ ਨਾਲ ਹੈ ਦਿਲਚਸਪ ਰਿਸ਼ਤਾ

Wednesday, Sep 05, 2018 - 05:53 PM (IST)

ਪਾਕਿਸਤਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਲਵੀ ਦਾ ਭਾਰਤ ਨਾਲ ਹੈ ਦਿਲਚਸਪ ਰਿਸ਼ਤਾ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡਾ. ਆਰਿਫ ਅਲਵੀ ਦਾ ਭਾਰਤ ਨਾਲ ਇਕ ਦਿਲਚਸਪ ਰਿਸ਼ਤਾ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਦੱਸਿਆ ਕਿ ਅਲਵੀ ਦੇ ਪਿਤਾ ਡਾ. ਹਬੀਬ ਉਰ-ਰਹਿਮਾਨ ਇਲਾਹੀ ਅਲਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ। ਇੱਥੇ ਦੱਸ ਦੇਈਏ ਕਿ 69 ਸਾਲਾ ਅਲਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਹਨ ਅਤੇ ਪੀ. ਟੀ. ਆਈ. ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਹਨ। ਉਨ੍ਹਾਂ ਨੂੰ ਮੰਗਲਵਾਰ ਯਾਨੀ ਕਿ ਕੱਲ ਪਾਕਿਸਤਾਨ ਦਾ ਰਾਸ਼ਟਰਪਤੀ ਚੁਣਿਆ ਗਿਆ।
ਅਲਵੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜਾਜ਼ ਅਹਿਸਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਉਮੀਦਵਾਰ ਮੌਲਾਨਾ ਫਜ਼ਲ ਉਰ-ਰਹਿਮਾਨ ਨੂੰ ਤ੍ਰਿਕੋਣੇ ਮੁਕਾਬਲੇ 'ਚ ਮਾਤ ਦਿੱਤੀ ਅਤੇ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣੇ।

ਪੰਡਤ ਨਹਿਰੂ ਦੇ ਦੰਦਾਂ ਦੇ ਡਾਕਟਰ ਦਾ ਬੇਟਾ ਹੋਣ ਤੋਂ ਇਲਾਵਾ ਅਲਵੀ ਦਾ ਭਾਰਤ ਨਾਲ ਇਕ ਹੋਰ ਵੀ ਰਿਸ਼ਤਾ ਹੈ। ਉਹ ਇਕ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਦਾ ਪਰਿਵਾਰ ਵੰਡ ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਪਰਿਵਾਰ ਆਗਰਾ ਤੋਂ ਇੱਥੇ ਆਇਆ ਸੀ। ਸੱਤਾਧਾਰੀ ਪੀ. ਟੀ. ਆਈ. ਦੀ ਵੈੱਬਸਾਈਟ 'ਤੇ ਨਵੇਂ ਰਾਸ਼ਟਰਪਤੀ ਦੀ ਜੀਵਨੀ ਮੌਜੂਦ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਅਲਵੀ ਦੇ ਪਿਤਾ ਡਾ. ਹਬੀਬ ਉਰ-ਰਹਿਮਾਨ ਇਲਾਹੀ ਅਲਵੀ ਵੰਡ ਤੋਂ ਪਹਿਲਾਂ ਤਕ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ। ਵੈੱਬਸਾਈਟ ਮੁਤਾਬਕ, ''ਡਾ. ਹਬੀਬ ਅਲਵੀ ਜਵਾਹਰਲਾਲ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ ਅਤੇ ਪਰਿਵਾਰ ਕੋਲ ਡਾ. ਅਲਵੀ ਨੂੰ ਲਿਖੀਆਂ ਨਹਿਰੂ ਦੀਆਂ ਚਿੱਠੀਆਂ ਹਨ। ਡਾ. ਆਰਿਫ ਉਰ-ਰਹਿਮਾਨ ਅਲਵੀ ਦਾ ਜਨਮ ਕਰਾਚੀ ਵਿਚ 1949 'ਚ ਹੋਇਆ ਸੀ, ਜਿੱਥੇ ਉਨ੍ਹਾਂ ਦੇ ਪਿਤਾ ਡਾ. ਹਬੀਬ ਵੰਡ ਤੋਂ ਬਾਅਦ ਆ ਕੇ ਵੱਸੇ ਸਨ।''


Related News