ਪਾਕਿ ''ਚ 24 ਘੰਟੇ ''ਚ 1508 ਨਵੇਂ ਮਾਮਲੇ, ਦੁਨੀਆ ''ਚ ਇਨਫੈਕਟਿਡਾਂ ਦਾ ਅੰਕੜਾ 30 ਲੱਖ ਦੇ ਕਰੀਬ
Monday, Apr 27, 2020 - 06:07 PM (IST)

ਇਸਲਾਮਾਬਾਦ (ਬਿਊਰੋ): ਕੋਵਿਡ-19 ਨੇ ਪੂਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 6 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਅਤੇ ਕਰੀਬ 30 ਲੱਖ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 8 ਲੱਖ 78 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 55 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਅਤੇ 9 ਲੱਖ 87 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।
ਪਾਕਿ 'ਚ 1508 ਨਵੇਂ ਮਾਮਲੇ
ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 1508 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਦੇਸ਼ ਵਿਚ ਹੁਣ ਤੱਕ 13,304 ਲੋਕਾਂ ਦੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਵੱਡੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰਕਾਰੀ ਅਧਿਕਾਰੀਆਂ ਅਤੇ ਮਾਹਰਾਂ ਨੇ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਦੇ ਮੱਦੇਨਜ਼ਰ ਲੋਕਾਂ ਨੂੰ ਰਮਜ਼ਾਨ ਦੌਰਾਨ ਮਸਜਿਦਾਂ ਵਿਚ ਨਾ ਜਾਣ ਅਤੇ ਸਮੂਹ ਵਿਚ ਨਮਾਜ਼ ਨਾ ਪੜ੍ਹਨ ਦੀ ਅਪੀਲ ਕੀਤੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟੇ ਵਿਚ ਕੋਰੋਨਾਵਾਇਰਸ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 272 ਤੱਕ ਪਹੁੰਚ ਗਈ। ਹੁਣ ਤੱਕ 2936 ਮਰੀਜ਼ ਠੀਕ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਦੀ ਮਦਦ ਲਈ ਸ਼ਖਸ ਨੇ 24 ਘੰਟੇ ਵਜਾਈ ਤਾੜੀ
ਅਮਰੀਕਾ 'ਚ 24 ਘੰਟੇ 'ਚ 1330 ਮੌਤਾਂ
ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੌਨ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਇੱਥੇ ਪਿਛਲੇ 24 ਘੰਟਿਆਂ ਵਿਚ 1330 ਲੋਕਾਂ ਦੀ ਮੌਤ ਹੋਈ ਹੈ। ਇਕ ਰਿਪੋਰਟ ਮੁਤਾਬਕ ਹੁਣ ਤੱਕ ਨਿਊਯਾਰਕ ਵਿਚ 37 ਪੁਲਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕਈ ਰਾਜਾਂ ਜਿਵੇਂ ਮਿਨੀਸੋਟਾ, ਕੋਲੋਰਾਡੋ, ਮਿਸੀਸਿਪੀ, ਮੋਟਾਨਾ ਅਤੇ ਟੇਨੇਸੀ ਵਿਚ ਪਾਬੰਦੀਆਂ ਖਤਮ ਹੋਣਗੀਆਂ।