ਪਾਕਿ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ, 13,000 ਨਕਲੀ ਸਿਮ ਜ਼ਬਤ
Saturday, Nov 27, 2021 - 02:31 PM (IST)
ਇਸਲਾਮਾਬਾਦ- ਪਾਕਿਸਤਾਨ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਇਕ ਸੰਸਦੀ ਪੈਨਲ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਇਸ ਦੀ ਵਰਤੋਂ ਸਿਰਫ਼ ਨਾਜਾਇਜ਼ ਮੋਬਾਇਲ ਸਿਮ ਕਾਰਡ ਜਾਰੀ ਕਰਨ ਲਈ ਕੀਤਾ ਗਿਆ ਹੈ। ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ’ਤੇ ਨੈਸ਼ਨਲ ਅਸੈਂਬਲੀ ਸਟੈਂਡਿੰਗ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਐੱਫ. ਆਈ. ਏ. ਨੇ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਿਟੀ (ਨਾਦਰਾ) ਦੇ ਡਾਟਾ ਹੈਕ ’ਤੇ ਖੁਲਾਸਾ ਕੀਤਾ।
ਐੱਫ. ਆਈ. ਏ. ਦੇ ਸਾਈਬਰ ਕ੍ਰਾਈਮ ਵਿੰਗ ਦੇ ਪ੍ਰਮੁੱਖ ਐਡੀਸ਼ਨਲ ਡਾਇਰੈਕਟਰ ਤਾਰਿਕ ਨੇ ਕਿਹਾ ਕਿ ਨਾਦਰਾ ਦੇ ਡਾਟਾ ਨੂੰ ਹੈਕ ਕਰ ਲਿਆ ਗਿਆ ਅਤੇ ਰਜਿਸਟ੍ਰੇਸ਼ਨ ਸੰਸਥਾਨ ਦੇ ਬਾਇਓਮੈਟ੍ਰਿਕ ਡਾਟਾ ਨੂੰ ਚੋਰੀ ਕਰਨ ਤੋਂ ਬਾਅਦ ਨਕਲੀ ਸਿਮ ਕਾਰਡ ਵੀ ਵੇਚੇ ਜਾ ਰਹੇ ਸਨ। ਨਾਦਰਾ ਕੋਲ ਪਾਕਿਸਤਾਨ ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਪੂਰਾ ਡਾਟਾ ਰਿਕਾਰਡ ਕਰਨ ਤੋਂ ਬਾਅਦ ਰਾਸ਼ਟਰੀ ਪਛਾਣ ਪੱਤਰ ਅਤੇ ਪਾਸਪੋਰਟ ਜਾਰੀ ਕਰਨ ਦਾ ਇਕਮਾਤਰ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਸਿਮ ਤਸਦੀਕ ਪ੍ਰਕਿਰਿਆ ਦੌਰਨ ਬਾਇਓਮੈਟ੍ਰਿਕ ਡਾਟਾ ਸ਼ਾਮਲ ਹੈ, ਨਾਦਰਾ ਦੇ ਬਾਇਓਮੈਡਟ੍ਰਿਕ ਸਿਸਟਮ ਨਾਲ ਛੇੜਛਾੜ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਫੈਸਲਾਬਾਦ ਖੇਤਰ ਵਿਚ ਇਕ ਕਾਰਵਾਈ ਦੌਰਾਨ 13,000 ਨਕਲੀ ਸਿਮ ਜ਼ਬਤ ਕੀਤੇ ਗਏ।