ਪਾਕਿ ’ਚ ਹਿੰਦੂ ਮੰਦਰ ’ਤੇ ਹਮਲੇ ਦੇ ਮਾਮਲੇ ’ਚ 85 ਸ਼ੱਕੀ ਵਿਅਕਤੀਆਂ ਖ਼ਿਲਾਫ ਮੁਕੱਦਮਾ ਸ਼ੁਰੂ
Friday, Sep 10, 2021 - 04:37 PM (IST)
ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਹਿੰਦੂ ਮੰਦਰ ’ਤੇ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ 85 ਸ਼ੱਕੀ ਵਿਅਕਤੀਆਂ ਖ਼ਿਲਾਫ਼ ਅੱਤਵਾਦ ਰੋਕੂ ਇਕ ਅਦਾਲਤ ’ਚ ਮੁਕੱਦਮੇ ਦੀ ਕਾਰਵਾਈ ਸ਼ੁੱਕਰਵਾਰ ਨੂੰ ਸ਼ੁਰੂ ਹੋਈ। ਲਾਹੌਰ ਤੋਂ ਤਕਰੀਬਨ 590 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੁੰਗ ਸ਼ਹਿਰ ’ਚ ਸੈਂਕੜੇ ਲੋਕਾਂ ਨੇ ਡੰਡਿਆਂ, ਪੱਥਰਾਂ ਅਤੇ ਇੱਟਾਂ ਨਾਲ ਭਗਵਾਨ ਗਣੇਸ਼ ਦੇ ਮੰਦਰ ਉੱਤੇ ਹਮਲਾ ਕੀਤਾ ਸੀ। ਇੱਕ ਸਥਾਨਕ ਧਾਰਮਿਕ ਸਿੱਖਿਆ ਕੇਂਦਰ ’ਚ ਪਿਸ਼ਾਬ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਇੱਕ ਹਿੰਦੂ ਲੜਕੇ ਨੂੰ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ, ਜਿਸ ਦੇ ਵਿਰੋਧ ’ਚ ਭੀੜ ਨੇ ਮੰਦਰ ਦੇ ਇੱਕ ਹਿੱਸੇ ਨੂੰ ਸਾੜ ਦਿੱਤਾ ਅਤੇ ਮੂਰਤੀਆਂ ਤੋੜ ਦਿੱਤੀਆਂ ਸਨ। ਪੰਜਾਬ ਦੀ ਸੂਬਾਈ ਸਰਕਾਰ ਦੇ ਇੱਕ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ, “ਪੁਲਸ ਨੇ ਅੱਤਵਾਦ ਰੋਕੂ ਅਦਾਲਤ ’ਚ ਰਿਪੋਰਟ ਪੇਸ਼ ਕੀਤੀ, ਜਿਸ ਤੋਂ ਬਾਅਦ ਮੰਦਰ ਹਮਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ 85 ਸ਼ੱਕੀ ਵਿਅਕਤੀਆਂ ’ਤੇ ਸੁਣਵਾਈ ਅੱਜ ਸ਼ੁਰੂ ਹੋਈ।”
ਸ਼ੱਕੀ ਵਿਅਕਤੀਆਂ ਨੂੰ ਬਹਾਵਲਪੁਰ ਸ਼ਹਿਰ ਦੀ ਨਵੀਂ ਕੇਂਦਰੀ ਜੇਲ੍ਹ ’ਚ ਨਿਆਇਕ ਹਿਰਾਸਤ ’ਚ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਮੁਆਵਜ਼ੇ ਵਜੋਂ ਸ਼ੱਕੀ ਵਿਅਕਤੀਆਂ ਤੋਂ 10 ਲੱਖ ਪਾਕਿਸਤਾਨੀ ਰੁਪਏ ਵਸੂਲ ਕੀਤੇ ਹਨ। ਉਨ੍ਹਾਂ ਕਿਹਾ, “ਹਮਲੇ ਤੋਂ ਬਾਅਦ ਭਗਵਾਨ ਗਣੇਸ਼ ਮੰਦਰ ਨੂੰ ਸਰਕਾਰ ਵੱਲੋਂ ਦੁਬਾਰਾ ਬਣਵਾਇਆ ਗਿਆ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਹਮਲਾਵਰਾਂ ਨੂੰ ਉਸਾਰੀ ਦਾ ਖਰਚਾ ਆਪਣੀ ਜੇਬ ’ਚੋਂ ਦੇਣਾ ਪਵੇਗਾ। ਅਧਿਕਾਰੀ ਨੇ ਦੱਸਿਆ ਕਿ ਮੰਦਰ ਦੇ ਅੰਦਰ ਨਿਰਮਾਣ ਕਾਰਜ ਕੀਤਾ ਜਾ ਚੁੱਕਾ ਹੈ ਪਰ ਚਾਰਦੀਵਾਰੀ ਦਾ ਕੰਮ ਅਜੇ ਵੀ ਚੱਲ ਰਿਹਾ ਹੈ।