ਲਾਹੌਰ 'ਚ ਕਰਤਾਰਪੁਰ ਕੋਰੀਡੋਰ ਸਬੰਧੀ ਤਕਨੀਕੀ ਬੈਠਕ

Tuesday, Mar 19, 2019 - 05:19 PM (IST)

ਲਾਹੌਰ 'ਚ ਕਰਤਾਰਪੁਰ ਕੋਰੀਡੋਰ ਸਬੰਧੀ ਤਕਨੀਕੀ ਬੈਠਕ

ਲਾਹੌਰ (ਵਾਰਤਾ)— ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਵਿਭਾਗ ਦੇ ਮਾਹਰਾਂ ਵਿਚਾਲੇ ਮੰਗਲਵਾਰ ਨੂੰ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਸਬੰਧੀ ਤਕਨੀਕੀ ਬੈਠਕ ਹੋਈ। ਇਸ ਬੈਠਕ ਵਿਚ ਪ੍ਰਾਜੈਕਟ ਨਾਲ ਸਬੰਧਤ ਰਸਮੀ ਕਾਰਵਾਈਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੇ ਬਾਅਦ ਇਕ ਪੱਤਰਕਾਰ ਸੰਮੇਲਨ ਵਿਚ ਡਾਕਟਰ ਫੈਜ਼ਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਪ੍ਰਸਤਾਵਿਤ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ਅਤੇ ਪ੍ਰਬੰਧਾਂ 'ਤੇ ਵਿਸਤ੍ਰਿਤ ਅਤੇ ਰਚਨਾਤਮਕ ਚਰਚਾ ਕੀਤੀ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਅੱਗੇ ਵਧਾਉਣ 'ਤੇ ਸਹਿਮਤੀ ਜ਼ਾਹਰ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਅਗਲੀ ਬੈਠਕ 2 ਅਪ੍ਰੈਲ ਨੂੰ ਵਾਹਗਾ ਵਿਚ ਹੋਵੇਗੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ 14 ਮਾਰਚ ਨੂੰ ਅਟਾਰੀ ਵਿਚ ਪਾਕਿਸਤਾਨ ਅਤੇ ਭਾਰਤੀ ਵਫਦ ਦੀ ਬੈਠਕ ਦੇ ਬਾਅਦ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਵਿਚਾਲੇ ਬੈਠਕ ਦਾ ਐਲਾਨ ਕੀਤਾ ਸੀ। ਉੱਧਰ ਚੀਨ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਈ ਬੈਠਕ ਦਾ ਸਵਾਗਤ ਕੀਤਾ ਹੈ। ਬੀਜਿੰਗ ਵਿਚ ਪੱਤਰਕਾਰ ਸੰਮੇਲਨ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਆਸ ਜ਼ਾਹਰ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਤ ਤਰੱਕੀ ਨਾਲ ਖੇਤਰ ਵਿਚ ਤਣਾਅ ਘੱਟ ਕਰਨ ਵਿਚ ਮਦਦ ਮਿਲੇਗੀ। 

ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵਬੰਰ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਸਮਾਗਮ ਵਿਚ ਭਾਰਤ ਵੱਲੋਂ ਸਾਬਕਾ ਕ੍ਰਿਕਟਰ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਸੂਰੀ ਸ਼ਾਮਲ ਹੋਏ ਸਨ।


author

Vandana

Content Editor

Related News