ਅਮਰੀਕੀ NGO ਦਾ ਖੁਲਾਸਾ: ਪਾਕਿ ਜੇਲ੍ਹਾਂ 'ਚ ਗ਼ੈਰ ਦੋਸ਼ੀ ਜਨਾਨੀਆਂ ਨਾਲ ਹੁੰਦੀ ਹੈ ਬਦਸਲੂਕੀ
Thursday, Sep 10, 2020 - 10:53 AM (IST)
ਨਿਊਯਾਰਕ, (ਏ. ਐੱਨ. ਆਈ.)- ਪਾਕਿਸਤਾਨੀ ਜੇਲ੍ਹਾਂ ’ਚ ਜਨਾਨੀਆਂ ਨਾਲ ਵੱਡੇ ਪੈਮਾਨੇ ’ਤੇ ਬਦਸਲੂਕੀ ਹੁੰਦੀ ਹੈ। ਇਹ ਖੁਲਾਸਾ ਅਮਰੀਕੀ ਐੱਨ. ਜੀ. ਓ. ਹਿਊਮਨ ਰਾਈਟ ਵਾਚ ਦੇ ਏਸ਼ੀਆ ਡਾਇਰੈਕਟਰ ਬ੍ਰੈਡ ਐਡਮਸ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰੀ ਮਹਿਕਮੇ ਦੀ ਰਿਪੋਰਟ ਨੇ ਜੇਲ੍ਹਾਂ ’ਚ ਜਨਾਨੀਆਂ ਦੀ ਖਰਾਬ ਹਾਲਤ ਅਤੇ ਲਗਾਤਾਰ ਸੁਧਾਰ ਦੀ ਲੋੜ ’ਤੇ ਰੌਸ਼ਨੀ ਪਾਈ ਹੈ।
26 ਅਗਸਤ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਮੇਟੀ ਵਲੋਂ ਸੌਂਪੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਕਾਨੂੰਨ ਕੌਮਾਂਤਰੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ। ਬ੍ਰੈਡ ਐਡਮਸ ਨੇ ਕਿਹਾ ਕਿ ਇਹ ਰਿਪੋਰਟ ਸਿਰਫ ਤਾਂ ਹੀ ਤਬਦੀਲੀ ਲਿਆ ਸਕਦੀ ਹੈ ਜਦੋਂ ਪਾਕਿਸਤਾਨੀ ਅਧਿਕਾਰੀ ਵੀ ਇਸ ਦੀਆਂ ਸਿਫਾਰਿਸ਼ਾਂ ਦੀ ਪਾਲਣਾ ਕਰਨ।
2020 ਦੇ ਵਿਚਕਾਰ ਤੱਕ 1,121 ਜਨਾਨੀਆਂ ਵਿਚੋਂ 66 ਫ਼ੀਸਦੀ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਈਆਂ ਗਈਆਂ ਹਨ, ਪਰ ਮੁਕੱਦਮੇ ਦੇ ਖਤਮ ਹੋਣ ਦੀ ਉਡੀਕ ’ਚ ਉਨ੍ਹਾਂ ਨੂੰ ਹਿਰਾਸਤ ’ਤੇ ਰੱਖਿਆ ਗਿਆ ਹੈ। 300 ਜਨਾਨੀਆਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਹਿਰਾਸਤ ’ਚ ਰੱਖਿਆ ਗਿਆ ਹੈ ਜਿਸ ਨਾਲ ਜੇਲ੍ਹਾਂ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਆਉਣਾ-ਜਾਣਾ ਲਗਭਗ ਅਸੰਭਵ ਹੋ ਗਿਆ ਹੈ।
2 ਸਤੰਬਰ ਨੂੰ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਜੇਲ੍ਹ ਦੀ ਭੀੜ ਨੂੰ ਘੱਟ ਕਰਨ ਤਾਂ ਜੋ ਕੋਵਿਡ-19 ਵਾਇਰਸ ਦੇ ਪ੍ਰਸਾਰ ਨੂੰ ਸੀਮਤ ਕੀਤਾ ਜਾ ਸਕੇ। ਇਸ ਦੇ ਬਾਅਦ ਕੁਝ ਕੈਦੀ ਜਨਾਨੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਵਾਲੀਆਂ ਜਨਾਨੀਆਂ ’ਚ ਜ਼ਿਆਦਾਤਰ ਸਜ਼ਾ ਕੱਟ ਚੁੱਕੀਆਂ ਸਨ। ਇਮਰਾਨ ਨੇ ਵਿਦੇਸ਼ੀ ਕੈਦੀ ਜਨਾਨੀਆਂ ਬਾਰੇ ਵੀ ਰਿਪੋਰਟ ਤਲਬ ਕੀਤੀ ਹੈ। ਸਮਿਤੀ ਦੀ ਰਿਪੋਰਟ ’ਚ ਪਾਇਆ ਗਿਆ ਹੈ ਕਿ ਜੇਲ੍ਹ ਸਟਾਫ਼ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਖਿਲਾਫ਼ ਉਚਿਤ ਸੁਰੱਖਿਆ ਦੀ ਪਾਲਣਾ ਕਰਨ ’ਚ ਨਿਯਮਿਤ ਰੂਪ ਨਾਲ ਅਸਫਲ ਰਿਹਾ। ਜੇਲ੍ਹ ਮੁਲਾਜ਼ਮ ਸਮਾਜਿਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ’ਚ ਵੀ ਅਸਫ਼ਲ ਰਹੇ। ਰਿਪੋਰਟ ਮੁਤਾਬਕ ਜੇਲ੍ਹਾਂ ’ਚ ਕੈਦੀ ਤੇ ਮੁਲਾਜ਼ਮ ਬਿਨਾਂ ਮਾਸਕ ਹੀ ਘੁੰਮਦੇ ਰਹੇ।