‘ਪਾਕਿਸਤਾਨ ਤਾਲਿਬਾਨ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ’ ਚੋਟੀ ਦੇ ਫੌਜੀ ਅਧਿਕਾਰੀ ਨੇ ਦੱਸੀ ਵਜ੍ਹਾ

09/21/2021 5:13:30 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਇਕ ਉੱਚ ਫੌਜੀ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੇ ਸੁਰੱਖਿਅਤ ਹਿੱਤਾਂ ਦੀ ਰਾਖੀ ਲਈ ਅਫ਼ਗਾਨ ਤਾਲਿਬਾਨ ਨਾਲ ਲਗਾਤਾਰ ਸੰਪਰਕ ’ਚ ਹੈ। ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ ਕਿ ਤਾਲਿਬਾਨ ਨੇ ਕਈ ਮੌਕਿਆਂ ’ਤੇ ਦੁਹਰਾਇਆ ਹੈ ਕਿ ਕਿਸੇ ਵੀ ਸਮੂਹ ਜਾਂ ਅੱਤਵਾਦੀ ਸੰਗਠਨ ਨੂੰ ਪਾਕਿਸਤਾਨ ਸਮੇਤ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਕਿਸੇ ਵੀ ਅੱਤਵਾਦੀ ਗਤੀਵਿਧੀ ਲਈ ਅਫ਼ਗਾਨਿਸਤਾਨ ਦੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੇ ‘ਉਰਦੂ ਨਿਊਜ਼’ ਨੂੰ ਦੱਸਿਆ, ‘ਸਾਡੇ ਕੋਲ ਉਸ ਦੇ ਇਰਾਦਿਆਂ' ’ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ ਅਤੇ ਇਸ ਲਈ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦੇ ਨਾਲ ਲਗਾਤਾਰ ਸੰਪਰਕ ’ਚ ਹਾਂ।’ ‘ਡਾਨ’ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਦੇਸ਼ ਦੀ ਇਕ ਮੁੱਖ ਚਿੰਤਾ ਅਫ਼ਗਾਨਿਸਤਾਨ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅੱਤਵਾਦੀ ਸਮੂਹ ਦੀ ਮੌਜੂਦਗੀ ਹੈ। ਖ਼ਬਰ ’ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਸਰਹੱਦੀ ਕੰਟਰੋਲ ਦੇ ਨਵੇਂ ਉਪਾਵਾਂ ਬਾਰੇ ਵਿਚਾਰ-ਵਟਾਂਦਰੇ ਹੋਏ ਹਨ ਤਾਂ ਜੋ ਅਣਚਾਹੇ ਤੱਤਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਿਆ ਜਾ ਸਕੇ।

ਖ਼ਬਰਾਂ ਦੇ ਅਨੁਸਾਰ ਤਾਲਿਬਾਨ ਦੇ ਅਫ਼ਗਾਨਿਸਤਾਨ ’ਚ ਕਬਜ਼ਾ ਕਰਨ ਦੇ ਬਾਅਦ ਤੋਂ ਪਾਕਿਸਤਾਨ ’ਚ ਟੀ. ਟੀ. ਪੀ. ਦੇ ਹਮਲਿਆਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਹਾਲਾਂਕਿ ਪਾਕਿਸਤਾਨੀ ਅਧਿਕਾਰੀ ਇਸ ਦੇ ਲਈ ਅਫ਼ਗਾਨ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਤਿਆਰ ਨਹੀਂ ਹਨ। ਮੇਜਰ ਜਨਰਲ ਇਫਤਿਖਾਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੇ ਨਾਲ 2600 ਕਿਲੋਮੀਟਰ ਲੰਮੀ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਡਾ ਹਮੇਸ਼ਾ ਤੋਂ ਮਕਸਦ ਸਰਹੱਦ ਦੇ ਇਸ ਪਾਸੇ ਬਿਹਤਰ ਪ੍ਰਬੰਧਨ ਕਰਨ ਦਾ ਰਿਹਾ ਹੈ। ਖੇਤਰ ਦੇ ਭੂ-ਭਾਗ ਅਤੇ ਹੋਰ ਮੁਸ਼ਕਿਲਾਂ ਦੇ ਕਾਰਨ ਪਾਕਿਸਤਾਨ-ਅਫ਼ਗਾਨ ਸਰਹੱਦ ਦੇ ਨਾਲ ਕੰਡਿਆਲੀ ਤਾਰ ਲਗਾਉਣਾ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸੀ। ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਪਾਕਿਸਤਾਨ ਨੇ ਸਰਹੱਦ ਦੇ 90 ਫੀਸਦੀ ਹਿੱਸੇ ’ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। ਸਰਹੱਦੀ ਪ੍ਰਬੰਧਨ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਨੇੜ-ਭਵਿੱਖ ’ਚ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਅਫ਼ਗਾਨਿਸਤਾਨ ਤੋਂ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਦੀ ਵਾਪਸੀ ਦੇ ਪਿਛੋਕੜ ’ਚ ਦੇਸ਼ ਦੇ ਮੁੱਖ ਸ਼ਹਿਰਾਂ ਨੂੰ ਜਿੱਤਣ ਤੋਂ ਬਾਅਦ ਤਾਲਿਬਾਨ ਨੇ 15 ਅਗਸਤ ਨੂੰ ਰਾਜਧਾਨੀ ਕਾਬੁਲ ਉੱਤੇ ਵੀ ਕਬਜ਼ਾ ਕਰ ਲਿਆ। ਤਾਲਿਬਾਨ ਨੇ 6 ਸਤੰਬਰ ਨੂੰ ਪੰਜਸ਼ੀਰ ਸੂਬੇ ’ਚ ਜਿੱਤ ਦਾ ਦਾਅਵਾ ਵੀ ਕੀਤਾ ਸੀ, ਜਿੱਥੇ ਵਿਰੋਧੀ ਤਾਕਤਾਂ ਇਸ ਨਾਲ ਲੜ ਰਹੀਆਂ ਸਨ।


Manoj

Content Editor

Related News