ਸਾਡੀ ਫੌਜੀ ਕਾਰਵਾਈ ਨਾਲ ਮੋਦੀ ਦੀ ਲੋਕਪ੍ਰਿਯਤਾ ਘਟੀ : ਪਾਕਿ ਰੱਖਿਆ ਮੰਤਰੀ
Wednesday, Oct 08, 2025 - 11:06 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਬਿਹਾਰ ਚੋਣਾਂ ਕਾਰਨ ਭਾਰਤ ਭੜਕਾਊ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨੇ ਇਹ ਬਿਆਨ ਪਾਕਿਸਤਾਨੀ ਨਿਊਜ਼ ਚੈਨਲ ’ਤੇ ਬੁੱਧਵਾਰ ਨੂੰ ਦਿੱਤਾ। ਖਵਾਜਾ ਆਸਿਫ਼ ਨੇ ਕਿਹਾ ਕਿ ਮਈ ’ਚ ਭਾਰਤ ਵਿਰੁੱਧ ਪਾਕਿਸਤਾਨ ਦੀ ਫੌਜੀ ਕਾਰਵਾਈ ਨਾਲ ਮੋਦੀ ਦੀ ਲੋਕਪ੍ਰਿਯਤਾ ਘਟੀ ਹੈ। ਮੋਦੀ ਦੇ ਸਮਰਥਕ ਵੀ ਹੁਣ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਆਸਿਫ਼ ਨੇ ਸੰਘਰਸ਼ ਦੌਰਾਨ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ। ਆਸਿਫ਼ ਨੇ ਦਾਅਵਾ ਕੀਤਾ ਕਿ ਪਹਿਲਾਂ ਜੋ ਦੇਸ਼ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਨਿਰਪੱਖ ਰਹਿੰਦੇ ਸਨ, ਉਹ ਹੁਣ ਸਾਡੇ ਖੇਮੇ ’ਚ ਸ਼ਾਮਲ ਹੋ ਗਏ ਹਨ ਅਤੇ ਜੋ ਭਾਰਤ ਦਾ ਸਮਰਥਨ ਕਰ ਰਹੇ ਸਨ, ਉਹ ਹੁਣ ਚੁੱਪ ਹਨ। ਇਹ ਗੱਲ ਭਾਰਤ ਨੂੰ ਸਾਲਾਂ ਤੱਕ ਪ੍ਰੇਸ਼ਾਨ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਿਰਫ਼ ਔਰੰਗਜ਼ੇਬ ਦੇ ਸਮੇਂ ਹੀ ਇਕਜੁੱਟ ਸੀ। ਇਤਿਹਾਸ ਦਰਸਾਉਂਦਾ ਹੈ ਕਿ ਔਰੰਗਜ਼ੇਬ ਦੇ ਰਾਜ ਤੋਂ ਇਲਾਵਾ ਭਾਰਤ ਕਦੇ ਵੀ ਪੂਰੀ ਤਰ੍ਹਾਂ ਇਕਜੁੱਟ ਨਹੀਂ ਰਿਹਾ। ਪਾਕਿਸਤਾਨ ਅੱਲ੍ਹਾ ਦੇ ਨਾਂ ’ਤੇ ਬਣਿਆ ਹੈ। ਅਸੀਂ ਘਰ ’ਚ ਆਪਸ ’ਚ ਲੜਦੇ ਹਾਂ ਪਰ ਭਾਰਤ ਨਾਲ ਲੜਾਈ ਹੋਣ ’ਤੇ ਇਕ ਹੋ ਜਾਂਦੇ ਹਾਂ।