ਮੁਸ਼ਕਿਲ ’ਚ ਫਸਿਆ ਪਾਕਿਸਤਾਨ, ਹੁਣ ਕਾਟਨ ਦੀ ਹੋਈ ਕਮੀ

11/13/2019 10:04:25 AM

ਨਵੀਂ ਦਿੱਲੀ — ਕਸ਼ਮੀਰ ਤੋਂ ਆਰਟੀਕਲ-370 ਹਟਣ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਖਤਮ ਕਰ ਲਏ ਸਨ, ਉਸ ਦਾ ਖਮਿਆਜ਼ਾ ਪਾਕਿਸਤਾਨ ਦੀ ਜਨਤਾ ਨੂੰ ਸਰਦੀਆਂ ’ਚ ਭੁਗਤਣਾ ਪਵੇਗਾ। ਦਸੰਬਰ ਤੋਂ ਪਾਕਿਸਤਾਨ ’ਚ ਵਿੰਟਰ ਸੈਸ਼ਨ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਅਸਰ ਹੁਣ ਤੋਂ ਦਿਸਣਾ ਸ਼ੁਰੂ ਹੋ ਗਿਆ ਹੈ। ਉਥੇ ਹੀ ਭਾਰਤ ਪਾਕਿਸਤਾਨ ਲਈ ਕਾਟਨ ਦਾ ਪ੍ਰਮੁੱਖ ਸਪਲਾਇਰ ਰਿਹਾ ਹੈ ਕਿਉਂਕਿ ਪਾਕਿਸਤਾਨ ਨੂੰ ਭਾਰਤ ਤੋਂ ਸਸਤਾ ਕਾਟਨ ਮਿਲਦਾ ਰਿਹਾ ਹੈ ਪਰ ਵਪਾਰਕ ਸਬੰਧ ਖਤਮ ਹੋਣ ਤੋਂ ਬਾਅਦ ਅਮਰੀਕਾ, ਬ੍ਰਾਜ਼ੀਲ ਅਤੇ ਦੂਜੇ ਦੇਸ਼ਾਂ ਤੋਂ ਮਹਿੰਗਾ ਕਾਟਨ ਖਰੀਦਣਾ ਪੈ ਰਿਹਾ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ’ਚ ਪਿਛਲੇ ਮਹੀਨੇ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਕਾਟਨ ਦੇ ਉਤਪਾਦਨ ’ਚ ਗਿਰਾਵਟ ਕਾਰਣ ਪਾਕਿਸਤਾਨ ਨੂੰ ਘਰੇਲੂ ਖਪਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਮਹਿੰਗਾ ਕਾਟਨ ਦਰਾਮਦ ਕਰਨਾ ਪੈ ਸਕਦਾ ਹੈ। ਪਾਕਿਸਤਾਨ ਨੂੰ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਵੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ।

ਪਾਕਿਸਤਾਨੀ ਮੀਡੀਆ ਦਿ ਨਿਊਜ਼ ਦੀ ਇਕ ਰਿਪੋਰਟ ’ਚ ਪਿਛਲੇ ਮਹੀਨੇ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਕਾਟਨ ਦੇ ਉਤਪਾਦਨ ’ਚ ਗਿਰਾਵਟ ਕਾਰਣ ਪਾਕਿਸਤਾਨ ਨੂੰ ਘਰੇਲੂ ਖਪਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਮਹਿੰਗਾ ਕਾਟਨ ਦਰਾਮਦ ਕਰਨਾ ਪੈ ਸਕਦਾ ਹੈ। ਰਿਪੋਰਟ ’ਚ ਪਾਕਿਸਤਾਨ ਕਾਟਨ ਜਿਨਰਸ ਅੈਸੋਸੀਏਸ਼ਨ (ਪੀ.ਸੀ.ਜੀ.ਏ.) ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਉਤਪਾਦਨ ’ਚ 26.54 ਫੀਸਦੀ ਦੀ ਗਿਰਾਵਟ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ।

ਘਟਿਆ ਕਾਟਨ ਦਾ ਉਤਪਾਦਨ

ਪਾਕਿਸਤਾਨ ’ਚ ਇਸ ਸਾਲ ਕਾਟਨ ਦਾ ਉਤਪਾਦਨ ਘੱਟ ਹੈ ਪਰ ਭਾਰਤ ’ਚ ਕਾਟਨ ਦਾ ਉਤਪਾਦਨ ਇਸ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ। ਕਾਟਨ ਐਸੋਸੀਏਸ਼ਨ ਆਫ ਇੰਡੀਆ ਦੇ ਤਾਜ਼ਾ ਅੰਦਾਜ਼ੇ ਅਨੁਸਾਰ, ‘‘ਭਾਰਤ ’ਚ ਇਸ ਸਾਲ ਕਾਟਨ ਦਾ ਉਤਪਾਦਨ 354 ਲੱਖ ਗੰਢ ਰਹਿ ਸਕਦਾ ਹੈ, ਜਦੋਂ ਕਿ ਪਿਛਲੇ ਸਾਲ ਦੇਸ਼ ’ਚ ਕਾਟਨ ਦਾ ਉਤਪਾਦਨ 312 ਲੱਖ ਗੰਢ ਸੀ।

ਭਾਰਤ ਦਾ ਕਾਟਨ ਸਸਤਾ

ਸੀਮਾਵਰਤੀ ਦੇਸ਼ ਹੋਣ ਦੇ ਕਾਰਣ ਪਾਕਿਸਤਾਨ ਨੂੰ ਭਾਰਤ ਤੋਂ ਦਰਾਮਦ ਕਰਨ ਲਈ ਟ੍ਰਾਂਸਪੋਰਟੇਸ਼ਨ ਲਾਗਤ ਘੱਟ ਲੱਗਦੀ ਹੈ, ਜਿਸ ਨਾਲ ਉਸ ਦੇ ਲਈ ਭਾਰਤ ਤੋਂ ਕਾਟਨ ਦੀ ਦਰਾਮਦ ਕਰਨੀ ਸਸਤੀ ਹੁੰਦੀ ਹੈ ਪਰ ਇਸ ਸਾਲ ਵਪਾਰ ਬੰਦ ਹੋਣ ਕਾਰਣ ਉਹ ਭਾਰਤ ਤੋਂ ਕਾਟਨ ਨਹੀਂ ਖਰੀਦ ਪਾ ਰਿਹਾ ਹੈ। ਭਾਰਤੀ ਕਾਟਨ ਦਾ ਭਾਅ ਇਸ ਸਮੇਂ ਲਗਭਗ 69 ਸੈਂਟ ਪ੍ਰਤੀ ਪੌਂਡ ਹੈ, ਜਦੋਂ ਕਿ ਕੌਮਾਂਤਰੀ ਬਾਜ਼ਾਰ ’ਚ ਕਾਟਨ ਦਾ ਭਾਅ 74 ਸੈਂਟ ਪ੍ਰਤੀ ਪੌਂਡ ਹੈ। ਇਸ ਲਿਹਾਜ਼ ਨਾਲ ਵੀ ਪਾਕਿਸਤਾਨ ਲਈ ਭਾਰਤ ਤੋਂ ਕਾਟਨ ਦੀ ਦਰਾਮਦ ਕਰਨੀ ਸਸਤੀ ਪੈ ਸਕਦੀ ਹੈ।

ਪਾਕਿਸਤਾਨ ਨੂੰ 46.2 ਲੱਖ ਗੰਢ ਕਾਟਨ ਦੀ ਕਮੀ

ਭਾਰਤੀ ਕਾਰੋਬਾਰੀਆਂ ਦੀ ਮੰਨੀਏ ਤਾਂ ਜੇਕਰ ਪਾਕਿਸਤਾਨ ਦੁਬਾਰਾ ਭਾਰਤ ਨਾਲ ਵਪਾਰ ਸ਼ੁਰੂ ਕਰਦਾ ਹੈ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਉਹ ਭਾਰਤ ਤੋਂ ਜ਼ਿਆਦਾ ਕਾਟਨ ਖਰੀਦ ਸਕਦਾ ਹੈ ਕਿਉਂਕਿ ਪਾਕਿਸਤਾਨ ’ਚ ਇਸ ਸਾਲ ਕਾਟਨ ਦਾ ਉਤਪਾਦਨ ਘੱਟ ਹੈ। ਅਮਰੀਕੀ ਏਜੰਸੀ ਯੂ. ਐੱਸ. ਡੀ. ਏ. ਦੀ ਤਾਜ਼ਾ ਰਿਪੋਰਟ ਅਨੁਸਾਰ, ਪਾਕਿਸਤਾਨ ’ਚ ਇਸ ਸਾਲ ਕਾਟਨ ਦਾ ਉਤਪਾਦਨ 89.9 ਲੱਖ ਗੰਢ ਹੈ ਜੋ ਪਿਛਲੇ ਸਾਲ ਦੇ 97.5 ਲੱਖ ਗੰਢ ਤੋਂ ਲਗਭਗ 8 ਫੀਸਦੀ ਘੱਟ ਹੈ। ਯੂ. ਐੱਸ. ਡੀ. ਏ. ਅਨੁਸਾਰ, ਪਾਕਿਸਤਾਨ ’ਚ ਇਸ ਸਾਲ ਕਾਟਨ ਦੀ ਖਪਤ 137.2 ਲੱਖ ਗੰਢ ਰਹਿ ਸਕਦੀ ਹੈ ਅਤੇ ਉਸ ਨੂੰ ਆਪਣੀ ਖਪਤ ਦੀ ਪੂਰਤੀ ਲਈ 46.2 ਲੱਖ ਗੰਢ ਕਾਟਨ ਦੀ ਦਰਾਮਦ ਕਰਨੀ ਪੈ ਸਕਦੀ ਹੈ।


Related News