ਪਾਕਿ ’ਚ ਮੁੜ ਵਿਗੜਨਗੇ ਹਾਲਾਤ, ਇਮਰਾਨ ਨੂੰ ਛੁਡਾਉਣ ਲਈ ਇਸਲਾਮਾਬਾਦ ਪੁੱਜੇ ਹਮਾਇਤੀ

Monday, Nov 25, 2024 - 11:24 PM (IST)

ਪਾਕਿ ’ਚ ਮੁੜ ਵਿਗੜਨਗੇ ਹਾਲਾਤ, ਇਮਰਾਨ ਨੂੰ ਛੁਡਾਉਣ ਲਈ ਇਸਲਾਮਾਬਾਦ ਪੁੱਜੇ ਹਮਾਇਤੀ

ਲਾਹੌਰ– ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਹਮਾਇਤੀਆਂ ਨੇ ਰਾਜਧਾਨੀ ਇਸਲਾਮਾਬਾਦ ਵੱਲ ਕੂਚ ਕਰ ਦਿੱਤਾ ਹੈ ਅਤੇ ਕੁਝ ਵਰਕਰ ਪਹਿਲਾਂ ਹੀ ਇਸਲਾਮਾਬਾਦ ਪੁੱਜ ਚੁੱਕੇ ਹਨ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਹਮਾਇਤੀਆਂ ਨੂੰ ਇਸਲਾਮਾਬਾਦ ਵਿਚ ਆਉਣ ਤੋਂ ਰੋਕਣ ਲਈ ਪੁਲਸ ਨੇ ਭਾਰੀ ਨਾਕਾਬੰਦੀ ਕਰ ਰੱਖੀ ਹੈ।

ਇਮਰਾਨ ਖਾਨ ਨੇ 13 ਨਵੰਬਰ ਨੂੰ ਆਪਣੇ ਹਮਾਇਤੀਆਂ ਨੂੰ 24 ਨਵੰਬਰ ਨੂੰ ਇਸਲਾਮਾਬਾਦ ਕੂਚ ਕਰਨ ਦਾ ਸੱਦਾ ਦਿੱਤਾ ਸੀ। ਹਾਲਾਂਕਿ ਇਮਰਾਨ ਹਮਾਇਤੀਆਂ ਦੇ ਮਾਰਚ ਨੂੰ ਰੋਕਣ ਲਈ ਪੁਲਸ ਨੇ ਸੜਕਾਂ ’ਤੇ ਭਾਰੀ ਕੰਟੇਨਰ ਰੱਖ ਦਿੱਤੇ ਸਨ ਪਰ ਵਿਖਾਵਾਕਾਰੀਆਂ ਨੇ ਇਨ੍ਹਾਂ ਨੂੰ ਹਟਾ ਦਿੱਤਾ। ਇਸੇ ਦੌਰਾਨ ਪਾਰਟੀ ਦੇ ਪ੍ਰਧਾਨ ਗੋਹਰ ਖਾਨ, ਖੈਬਰ ਪਖਤੂਨਖਵਾ ਦੇ ਸੂਚਨਾ ਸਲਾਹਕਾਰ ਬੈਰਿਸਟਰ ਸੈਫ ਅਤੇ ਸੀਨੀਅਰ ਨੇਤਾ ਅਲੀ ਮੁਹੰਮਦ ਖਾਨ ਨੇ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ ਵਿਚ ਸੋਮਵਾਰ ਨੂੰ ਇਮਰਾਨ ਖਾਨ ਨਾਲ 90 ਮਿੰਟਾਂ ਤੱਕ ਬੈਠਕ ਕੀਤੀ।

ਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟਿਆ ਪਾਕਿ ਪੰਜਾਬ

ਪਾਕਿ ਦੇ ਪੰਜਾਬ ਸੂਬੇ ਵਿਚ ਰਹਿਣ ਵਾਲੀ 12 ਕਰੋੜ ਤੋਂ ਜ਼ਿਆਦਾ ਦੀ ਜਨਤਾ ਦਾ ਸੰਪਰਕ ਇਮਰਾਨ ਖਾਨ ਦੀ ਪਾਰਟੀ ਪਾਕਿਸਾਨ ਤਹਿਰੀਕ-ਏ-ਇਨਸਾਫ ਦੇ ਵਿਰੋਧ ਮਾਰਚ ਦੇ ਲਗਾਤਾਰ ਦੂਜੇ ਦਿਨ ਵੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਰਿਹਾ। ਪੁਲਸ ਨੇ ਪਾਰਟੀ ਦੇ ਸੈਂਕੜੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ।

ਲਾਹੌਰ ਅਤੇ ਸੂਬੇ ਦੇ ਦੂਜੇ ਹਿੱਸਿਆਂ ਵਿਚ ਮੁੱਖ ਸੜਕਾਂ ’ਤੇ ਨਾਕਾਬੰਦੀ ਕਾਰਨ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਫਲ ਅਤੇ ਦੁੱਧ ਸਮੇਤ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਵਿਚ ਕਾਫੀ ਮਿਹਨਤ ਕਰਨ ਪੈ ਰਹੀ ਹੈ।


author

Rakesh

Content Editor

Related News