ਪਾਕਿ ਦੇ ਗ੍ਰਹਿ ਮੰਤਰਾਲੇ ਦੀ ਮੰਗ, ਇਮਰਾਨ 'ਤੇ ਹੋਏ ਹਮਲੇ ਦੀ ਜਾਂਚ ਲਈ ਬਣਾਏ ਜਾਵੇ ਟੀਮ

Friday, Nov 04, 2022 - 01:04 PM (IST)

ਪਾਕਿ ਦੇ ਗ੍ਰਹਿ ਮੰਤਰਾਲੇ ਦੀ ਮੰਗ, ਇਮਰਾਨ 'ਤੇ ਹੋਏ ਹਮਲੇ ਦੀ ਜਾਂਚ ਲਈ ਬਣਾਏ ਜਾਵੇ ਟੀਮ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਸਬੰਧੀ ਤੱਥਾਂ ਦਾ ਖੁਲਾਸਾ ਕਰਨ ਲਈ ਪੰਜਾਬ ਸੂਬੇ ਦੀ ਸਰਕਾਰ ਨੂੰ ਉੱਚ ਪੱਧਰੀ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਕਾਇਮ ਕਰਨ ਲਈ ਕਿਹਾ ਹੈ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪੰਜਾਬ ਸੂਬੇ ਵਿੱਚ ਸੱਤਾਧਾਰੀ ਪਾਰਟੀ ਹੈ ਜਦੋਂ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਅਗਵਾਈ ਵਾਲੀ ਗਠਜੋੜ ਸੰਘੀ ਸਰਕਾਰ ਚਲਾ ਰਿਹਾ ਹੈ। 

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਰੋਸ ਮਾਰਚ ਦੌਰਾਨ ਇੱਕ ਬੰਦੂਕਧਾਰੀ ਨੇ ਖਾਨ (70) ਨੂੰ ਲਿਜਾ ਰਹੇ ਇੱਕ ਟਰੱਕ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਖਾਨ ਦੇ ਪੈਰ ਵਿਚ ਗੋਲੀ ਲੱਗ ਗਈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਖਾਨ ਦੀ ਪਾਰਟੀ ਦਾ ਦਾਅਵਾ ਹੈ ਕਿ ਇਹ ਇਮਰਾਨ ਖਾਨ ਦੀ "ਹੱਤਿਆ ਕਰਨ ਦੀ ਕੋਸ਼ਿਸ਼" ਸੀ। ਇਹ ਘਟਨਾ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ ਅੱਲ੍ਹਾਵਾਲਾ ਚੌਕ ਨੇੜੇ ਵਾਪਰੀ ਜਦੋਂ ਖਾਨ ਛੇਤੀ ਚੋਣਾਂ ਦੀ ਮੰਗ ਲਈ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਇਮਰਾਨ ਖਾਨ ਦੇ ਪੈਰ 'ਚ ਹਾਲੇ ਵੀ ਫਸਿਆ ਹੈ ਗੋਲੀ ਦਾ ਟੁੱਕੜਾ, ਡਾਕਟਰ ਨੇ ਦਿੱਤੀ ਹੈਲਥ ਅਪਡੇਟ

ਵੀਰਵਾਰ ਦੇਰ ਰਾਤ ਜਾਰੀ ਬਿਆਨ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਸੂਬਾਈ ਸਰਕਾਰ ਨੂੰ ਜੇਆਈਟੀ ਵਿੱਚ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਖੁਫ਼ੀਆ ਏਜੰਸੀ ਦੇ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਘਟਨਾ ਦੀ "ਭਰੋਸੇਯੋਗ ਅਤੇ ਪਾਰਦਰਸ਼ੀ ਜਾਂਚ" ਲਈ ਸੀਨੀਅਰ ਅਧਿਕਾਰੀਆਂ ਨੂੰ ਜੇਆਈਟੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਸਨੇ ਸੂਬਾਈ ਸਰਕਾਰ ਨੂੰ ਜਾਂਚ ਵਿੱਚ ਕੇਂਦਰ ਦੀ "ਪੂਰੀ ਸਹਾਇਤਾ" ਦਾ ਭਰੋਸਾ ਵੀ ਦਿੱਤਾ। ਮੰਤਰੀ ਨੇ ਸੁਰੱਖਿਆ ਵਿੱਚ ਲਾਪਰਵਾਹੀ ਲਈ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਉਸ ਨੇ ਹਮਲਾਵਰ ਦੀ ਇਕਬਾਲੀਆ ਵੀਡੀਓ ਨੂੰ ਜਨਤਕ ਕਰਨ ਲਈ ਸੂਬਾਈ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਸਨਾਉੱਲਾ ਨੇ ਬਿਨਾਂ ਕਿਸੇ ਸਬੂਤ ਦੇ ਘਟਨਾ ਲਈ ਸਰਕਾਰ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪੀਟੀਆਈ ਨੇਤਾ ਅਸਦ ਉਮਰ ਅਤੇ ਸ਼ੀਰੀਨ ਮਜ਼ਾਰੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਪੀਟੀਆਈ ਨੇਤਾ ਫਵਾਦ ਚੌਧਰੀ ਦੀ ਨਿੰਦਾ ਕੀਤੀ ਕਿ ਉਹ ਲੋਕਾਂ ਨੂੰ ਕਥਿਤ ਤੌਰ 'ਤੇ ਵਿਰੋਧੀ ਨੇਤਾਵਾਂ ਦੇ ਘਰਾਂ 'ਤੇ ਹਮਲਾ ਕਰਨ ਲਈ ਉਕਸਾਉਣ। ਮੰਤਰੀ ਨੇ ਕਿਹਾ ਕਿ ਤੁਸੀਂ ਵੀ ਅਸਮਾਨ ਵਿੱਚ ਨਹੀਂ ਰਹਿੰਦੇ। ਜੇ ਤੁਸੀਂ ਹਿੰਸਾ ਕਰਦੇ ਹੋ, ਤਾਂ ਤੁਹਾਡੇ ਦੁਆਰਾ ਲਗਾਈ ਗਈ ਅੱਗ ਤੁਹਾਨੂੰ ਵੀ ਆਪਣੀ ਲਪੇਟ ਵਿਚ ਲੈ ਲਵੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News