ਪਾਕਿਸਤਾਨ ’ਚ ਹਸਪਤਾਲ ਦੀ ਲਾਪਰਵਾਹੀ ਕਾਰਨ 331 ਬੱਚੇ HIV ਪਾਜ਼ੇਟਿਵ

Tuesday, Apr 14, 2026 - 11:29 PM (IST)

ਪਾਕਿਸਤਾਨ ’ਚ ਹਸਪਤਾਲ ਦੀ ਲਾਪਰਵਾਹੀ ਕਾਰਨ 331 ਬੱਚੇ HIV ਪਾਜ਼ੇਟਿਵ

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਤੌਂਸਾ ਸ਼ਹਿਰ ਵਿੱਚ 331 ਬੱਚੇ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ। ਇਹ ਮਾਮਲੇ ਨਵੰਬਰ 2024 ਤੋਂ ਅਕਤੂਬਰ 2025 ਦੇ ਵਿਚਕਾਰ ਦਰਜ ਕੀਤੇ ਗਏ। ਹੁਣ ਇਸ ਮਾਮਲੇ ਵਿਚ ਸਰਕਾਰੀ ਹਸਪਤਾਲ ’ਤੇ ਗੰਭੀਰ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਰਿਪੋਰਟ ਵਿਚ ਪਾਇਆ ਗਿਆ ਕਿ ਤੌਂਸਾ ਹਸਪਤਾਲ ਵਿਚ ਸਰਿੰਜਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਰਹੀ ਸੀ। ਕਈ ਮਾਮਲਿਆਂ ਵਿਚ ਇਕੋ ਦਵਾਈ ਦੀ ਸ਼ੀਸ਼ੀ ਤੋਂ ਵੱਖ-ਵੱਖ ਬੱਚਿਆਂ ਨੂੰ ਇੰਜੈਕਸ਼ਨ ਲਾਏ ਗਏ। ਇਸ ਨਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਗਿਆ।

ਮਾਮਲੇ ਦਾ ਖ਼ੁਲਾਸਾ 8 ਸਾਲ ਦੇ ਬੱਚੇ ਮੁਹੰਮਦ ਅਮੀਨ ਦੀ ਮੌਤ ਤੋਂ ਬਾਅਦ ਹੋਇਆ। ਉਸ ਦੀ ਭੈਣ ਅਸਮਾ ਵੀ ਐੱਚ. ਆਈ. ਵੀ. ਪਾਜ਼ੇਟਿਵ ਹੈ। ਮੁਹੰਮਦ ਅਮੀਨ ਦੀ ਮਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਇਨਫੈਕਟਿਡ ਸੂਈ ਨਾਲ ਐੱਚ. ਆਈ. ਵੀ. ਹੋਇਆ। ਜਾਂਚ ਵਿਚ 32 ਘੰਟਿਆਂ ਦੀ ਅੰਡਰਕਵਰ ਰਿਕਾਰਡਿੰਗ ਕੀਤੀ ਗਈ। ਇਸ ਵਿਚ 10 ਵਾਰ ਦੇਖਿਆ ਗਿਆ ਕਿ ਸਰਿੰਜ ਨੂੰ ‘ਮਲਟੀ-ਡੋਜ਼ ਵਾਇਲ’ ਵਿਚ ਦੁਬਾਰਾ ਵਰਤਿਆ ਗਿਆ। ਇਨ੍ਹਾਂ ਵਿਚੋਂ 4 ਮਾਮਲਿਆਂ ਵਿਚ ਉਹੀ ਦਵਾਈ ਦੂਜੇ ਬੱਚਿਆਂ ਨੂੰ ਦਿੱਤੀ ਗਈ।

ਛੂਤ ਦੀਆਂ ਬਿਮਾਰੀਆਂ ਦੇ ਮਾਹੱਰ ਡਾ. ਅਲਤਾਫ਼ ਅਹਿਮਦ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਸਰਿੰਜ ਦਾ ਪਿਛਲਾ ਹਿੱਸਾ ਵਾਇਰਸ ਨੂੰ ਟਰਾਂਸਫਰ ਕਰ ਸਕਦਾ ਹੈ, ਭਾਵੇਂ ਨਵੀਂ ਸੂਈ ਲਗਾ ਦਿੱਤੀ ਜਾਵੇ। ਉਨ੍ਹਾਂ ਨੇ ਇਸ ਨੂੰ ਬਹੁਤ ਖ਼ਤਰਨਾਕ ਦੱਸਿਆ।


author

Rakesh

Content Editor

Related News