ਪਾਕਿਸਤਾਨ : ਮਾਨਸੂਨ ਦੇ ਭਾਰੀ ਮੀਂਹ ਕਾਰਨ 77 ਲੋਕਾਂ ਦੀ ਮੌਤ, ਮੰਤਰੀ ਨੇ ਦੱਸਿਆ 'ਰਾਸ਼ਟਰੀ ਤ੍ਰਾਸਦੀ'

Thursday, Jul 07, 2022 - 12:19 PM (IST)

ਪਾਕਿਸਤਾਨ : ਮਾਨਸੂਨ ਦੇ ਭਾਰੀ ਮੀਂਹ ਕਾਰਨ 77 ਲੋਕਾਂ ਦੀ ਮੌਤ, ਮੰਤਰੀ ਨੇ ਦੱਸਿਆ 'ਰਾਸ਼ਟਰੀ ਤ੍ਰਾਸਦੀ'

ਇਸਲਾਮਾਬਾਦ (ਏ.ਐਨ.ਆਈ.): ਪਾਕਿਸਤਾਨ ਵਿੱਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਗੁਆਂਢੀ ਮੁਲਕ ਵਿੱਚ ਬਰਸਾਤ ਕਾਰਨ ਹਾਲਾਤ ਇਹ ਹਨ ਕਿ ਇਸ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਕਿਹਾ ਕਿ ਦੇਸ਼ 'ਚ ਜ਼ਿਆਦਾ ਬਾਰਸ਼ ਕਾਰਨ 77 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕੱਲੇ ਬਲੋਚਿਸਤਾਨ ਸੂਬੇ 'ਚ 39 ਲੋਕਾਂ ਦੀ ਮੌਤ ਹੋਈ ਹੈ।ਰਹਿਮਾਨ ਨੇ ਮੀਂਹ ਕਾਰਨ ਹੋਈਆਂ ਮੌਤਾਂ ਨੂੰ ‘ਰਾਸ਼ਟਰੀ ਤ੍ਰਾਸਦੀ’ ਕਰਾਰ ਦਿੱਤਾ ਕਿਉਂਕਿ ਸੈਂਕੜੇ ਘਰ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਦੂਰ-ਦੁਰਾਡੇ ਦੇ ਇਲਾਕਿਆਂ 'ਚ ਬਚਾਅ ਕਾਰਜਾਂ 'ਚ ਰੁਕਾਵਟ ਆਈ ਹੈ। 

ਡਾਨ ਅਖ਼ਬਾਰ ਨੇ ਰਹਿਮਾਨ ਦੇ ਹਵਾਲੇ ਨਾਲ ਕਿਹਾ ਕਿ ਇਸ ਅੰਕੜੇ 'ਚ ਬੱਚੇ, ਮਰਦ ਅਤੇ ਔਰਤਾਂ ਸ਼ਾਮਲ ਹਨ।ਮੰਤਰੀ ਨੇ ਕਿਹਾ ਕਿ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਮਾਨਸੂਨ ਦਾ ਪੈਟਰਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੂਰੇ ਪਾਕਿਸਤਾਨ ਵਿੱਚ ਔਸਤ ਵਰਖਾ ਤੋਂ 87 ਫੀਸਦੀ ਵੱਧ ਬਾਰਿਸ਼ ਹੋਈ ਹੈ।ਸੰਘੀ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਇੱਕ ਰਾਸ਼ਟਰੀ ਮਾਨਸੂਨ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦਾ ਸੱਦਾ ਦਿੱਤਾ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।ਰਹਿਮਾਨ ਨੇ ਕਿਹਾ ਕਿ ਸਾਨੂੰ ਇਨ੍ਹਾਂ ਮੌਤਾਂ ਅਤੇ ਤਬਾਹੀ ਨੂੰ ਰੋਕਣ ਲਈ ਵਿਆਪਕ ਯੋਜਨਾ ਦੀ ਲੋੜ ਹੈ ਕਿਉਂਕਿ ਇਹ ਸਾਰੀ ਤਬਾਹੀ ਜਲਵਾਯੂ ਤਬਦੀਲੀ ਕਾਰਨ ਹੋ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ ਖੇਤਰ 'ਚ ਤਬਾਹੀ ਮਚਾਉਣ ਮਗਰੋਂ ਹੜ੍ਹ ਦਾ ਖ਼ਤਰਾ ਉੱਤਰ ਵੱਲ ਵਧਿਆ (ਤਸਵੀਰਾਂ)

ਪਾਕਿਸਤਾਨ ਮੌਸਮ ਵਿਭਾਗ (ਪੀ.ਐੱਮ.ਡੀ.) ਮੁਤਾਬਕ ਬਾਰਸ਼ 8 ਜੁਲਾਈ ਤੱਕ ਜਾਰੀ ਰਹੇਗੀ।ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਬਲੋਚਿਸਤਾਨ ਸਰਕਾਰ ਨੇ ਕਵੇਟਾ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਘੋਸ਼ਿਤ ਕਰ ਦਿੱਤਾ ਹੈ ਅਤੇ ਸੂਬਾਈ ਰਾਜਧਾਨੀ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰਹਿਮਾਨ ਨੇ ਕਿਹਾ ਕਿ ਕਵੇਟਾ ਵਿੱਚ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਇੱਕ ਰਾਸ਼ਟਰੀ ਪੱਧਰ ਦੀ ਆਫ਼ਤ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਗੰਭੀਰਤਾ ਨਾਲ ਲਿਆਏ।ਦੱਸ ਦੇਈਏ ਕਿ ਮੂਸਲਾਧਾਰ ਬਾਰਿਸ਼ ਕਾਰਨ ਸੂਬੇ ਦੀਆਂ ਨਦੀਆਂ ਅਤੇ ਨਹਿਰਾਂ 'ਚ ਪਾਣੀ ਭਰ ਗਿਆ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ਵਿੱਚ 4 ਜੁਲਾਈ ਤੋਂ ਤੇਜ਼ ਹਵਾਵਾਂ ਨਾਲ ਮਾਨਸੂਨ ਦੀ ਬਾਰਿਸ਼ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News