ਪਾਕਿ ਸਰਕਾਰ ਦੀ ਕਾਰਵਾਈ ਦੇ ਬਾਅਦ ਖੁੱਡਾਂ 'ਚ ਵੜੇ ਅੱਤਵਾਦੀ
Monday, Mar 18, 2019 - 04:50 PM (IST)
![ਪਾਕਿ ਸਰਕਾਰ ਦੀ ਕਾਰਵਾਈ ਦੇ ਬਾਅਦ ਖੁੱਡਾਂ 'ਚ ਵੜੇ ਅੱਤਵਾਦੀ](https://static.jagbani.com/multimedia/2019_3image_16_44_153610000a1.jpg)
ਲਾਹੌਰ (ਬਿਊਰੋ)— ਅੰਤਰਰਾਸ਼ਟਰੀ ਦਬਾਅ ਹੇਠ ਪਾਕਿਸਤਾਨ ਸਰਕਾਰ ਨੇ ਅੱਤਵਾਦੀ ਠਿਕਾਣਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੀ ਇਸ ਕਾਰਵਾਈ ਦਾ ਪਤਾ ਲੱਗਦੇ ਹੀ ਅੱਤਵਾਦੀ ਹਮਲਿਆਂ ਦੇ ਮੁਖੀ ਹਾਫਿਜ਼ ਸਈਦ ਦੇ ਇਲਾਵਾ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਅਤੇ ਫਲਾਹ-ਏ-ਇਨਸਾਨੀਅਤ (ਐੱਫ.ਆਈ.ਐੱਫ.) ਦੇ ਅਹੁਦੇਦਾਰ ਅਤੇ ਪ੍ਰਮੁੱਖ ਕਾਰਕੁੰਨ ਅੰਡਰਗ੍ਰਾਊਂਡ ਹੋ ਗਏ ਹਨ। ਦੋਵੇਂ ਸੰਗਠਨ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਹਨ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਦਬਾਅ ਕਾਰਨ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਫਿਜ਼ ਦੇ ਦੋਹਾਂ ਸੰਗਠਨਾਂ ਨੂੰ ਪਾਬੰਦੀਸੁਦਾ ਸੂਚੀ ਵਿਚ ਪਾ ਦਿੱਤਾ ਹੈ ਅਤੇ ਇਸ ਦੇ 100 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੈਂਬਰਾਂ ਵਿਚ ਜੈਸ਼ ਮੁਖੀ ਮਸੂਦ ਅਜ਼ਹਰ ਦਾ ਮੁੰਡਾ ਅਤੇ ਭਰਾ ਵੀ ਸ਼ਾਮਲ ਹੈ।
ਪਾਕਿਸਤਾਨ ਸਰਕਾਰ ਨੇ ਜੈਸ਼, ਜਮਾਤ ਅਤੇ ਐੱਫ.ਆਈ.ਐੱਫ. ਦੀਆਂ ਜਾਇਦਾਦਾਂ 'ਤੇ ਵੀ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿਚ ਪੂਰੇ ਦੇਸ਼ ਵਿਚ ਸਥਿਤ ਮਦਰਸੇ ਅਤੇ ਮਸਜਿਦਾਂ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਕਾਰਵਾਈਆਂ ਨੂੰ ਨੈਸ਼ਨਲ ਪਲਾਨ ਐਕਸ਼ਨ ਮੁਤਾਬਕ ਅਤੇ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਹੈ। ਅਧਿਕਾਰਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਛੱਡ ਕੇ ਜੇ.ਯੂ.ਡੀ. ਅਤੇ ਐੱਫ.ਆਈ.ਐੱਫ. ਦੇ ਲੱਗਭਗ ਸਾਰੇ ਵੱਡੇ ਨੇਤਾ ਅੰਡਰਗ੍ਰਾਊਂਡ ਹੋ ਗਏ ਹਨ। ਹੁਣ ਇਹ ਸਾਰੇ ਹਾਲਾਤ ਸਾਧਾਰਨ ਹੋਣ ਮਗਰੋਂ ਬਾਹਰ ਨਿਕਲਣਗੇ।''
ਉਨ੍ਹਾਂ ਨੇ ਕਿਹਾ ਕਿ ਜਮਾਤ ਪ੍ਰਮੁੱਖ ਸਈਦ ਹਾਲ ਹੀ ਦੇ ਦਿਨਾਂ ਵਿਚ ਉੱਚ ਸੁਰੱਖਿਆ ਵਿਚ ਲਾਹੌਰ ਸਥਿਤ ਆਪਣੇ ਰਿਹਾਇਸ਼ੀ ਮਕਾਨ ਵਿਚ ਰਹਿ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ,''ਕਰੀਬ ਦੋ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਇਨ੍ਹਾਂ ਸੰਗਠਨਾਂ 'ਤੇ ਪਾਬੰਦੀ ਲਗਾਉਂਦੀ ਹੈ ਪਰ ਕੁਝ ਸਮਾਂ ਬਾਅਦ ਇਹ ਨਵੇਂ ਨਾਮ ਨਾਲ ਵਾਪਸ ਆ ਜਾਂਦੇ ਹਨ। ਇਸ ਮਗਰੋਂ ਹਿੰਸਕ ਵਾਰਦਾਤਾਂ ਜਾਰੀ ਰਹਿੰਦੀਆਂ ਹਨ।''