'ਨੋ ਫਲਾਈ ਲਿਸਟ' ਵਿਚੋਂ ਨਾਂ ਨਾ ਹਟਣ ਕਾਰਨ ਮਰੀਅਮ ਨਹੀਂ ਜਾ ਸਕੀ ਪਿਤਾ ਨਵਾਜ਼ ਸ਼ਰੀਫ ਕੋਲ

Monday, Dec 23, 2019 - 10:09 PM (IST)

'ਨੋ ਫਲਾਈ ਲਿਸਟ' ਵਿਚੋਂ ਨਾਂ ਨਾ ਹਟਣ ਕਾਰਨ ਮਰੀਅਮ ਨਹੀਂ ਜਾ ਸਕੀ ਪਿਤਾ ਨਵਾਜ਼ ਸ਼ਰੀਫ ਕੋਲ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਪੀ.ਐਮ.ਐਲ.-ਐਨ. ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡਾਨ ਨਿਊਜ਼ ਅਖਬਾਰ ਨੇ ਕਾਨੂੰਨੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਸੀਨੀਅਰ ਵਕੀਲ ਬਾਬਰ ਅਵਾਨ ਦੇ ਹਵਾਲੇ ਤੋਂ ਕਿਹਾ ਕਿ ਸਰਕਾਰ 'ਨੋ ਫਲਾਈ ਲਿਸਟ' ਵਿਚੋਂ ਪੀ.ਐਮ.ਐਲ.-ਐਨ. ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਦਾ ਨਾਂ ਹਟਾਉਣ ਦੀ ਉਨ੍ਹਾਂ ਦੀ ਅਰਜ਼ੀ 'ਤੇ ਵਿਚਾਰ ਨਹੀਂ ਕਰ ਸਕਦੀ।

ਈ.ਸੀ.ਐਲ. ਨਿਯਮਾਂ ਦਾ ਹਵਾਲਾ ਦਿੰਦੇ ਹੋਏ ਅਵਾਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਪਾਕਿਸਤਾਨ ਤੋਂ ਬਾਹਰ ਜਾਣ ਲਈ ਜਾਇਜ਼ ਯਾਤਰਾ ਦਸਤਾਵੇਜ਼ ਹਨ ਤਾਂ ਵੀ ਸਰਕਾਰ ਭ੍ਰਿਸ਼ਟਾਚਾਰ ਅਤੇ ਸਰਕਾਰੀ ਨਿਧੀ ਨੂੰ ਨੁਕਸਾਨ ਪਹੁੰਚਾਉਣ ਵਿਚ ਸ਼ਾਮਲ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਅਪਰਾਧ ਅਤੇ ਸੰਸਥਾਗਤ ਫਰਜ਼ੀਵਾੜੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਲਈ ਮਰੀਅਮ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਸਥਾਨਕ ਵੈਬਸਾਈਟਾਂ ਦੀਆਂ ਖਬਰਾਂ ਮੁਤਾਬਕ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ (46) ਦਾ ਨਾਂ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਤੋਂ ਬਾਅਦ ਅਗਸਤ 2018 ਵਿਚ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਗਿਆ ਸੀ। ਫਿਲਹਾਲ, ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ.-ਐਨ) ਨੇ ਇਕ ਬਿਆਨ ਵਿਚ ਕਿਹਾ ਸੀ ਕਿ ਮਰੀਅਮ ਦੀ ਵਿਦੇਸ਼ ਯਾਤਰਾ 'ਤੇ ਸਰਕਾਰ ਵਲੋਂ ਰੋਕ ਲਗਾਉਣ ਦੇ ਫੈਸਲੇ ਤੋਂ ਕਿਸੇ ਨੂੰ ਵੀ ਹੈਰਾਨੀ ਨਹੀਂ ਹੋਈ ਕਿਉਂਕਿ ਸੱਤਾਧਾਰੀ ਸਰਕਾਰ ਪੀ.ਐਮ.ਐਲ.-ਐਨ ਅਗਵਾਈ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮੌਕਾ ਹਮੇਸ਼ਾ ਭਾਲਦੀ ਰਹਿੰਦੀ ਹੈ। ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ 7 ਸਾਲ ਜੇਲ ਦੀ ਸਜ਼ਾ ਵਿਚ ਜ਼ਮਾਨਤ ਮਿਲਣ ਦੇ ਇਕ ਮਹੀਨੇ ਬਾਅਦ ਪੀ.ਐਮ.ਐਲ.-ਐਨ ਦੇ ਸੁਪਰੀਮੋ ਸ਼ਰੀਫ 19 ਨਵੰਬਰ ਨੂੰ ਇਕ ਏਅਰ ਐਂਬੂਲੈਂਸ ਰਾਹੀਂ ਇਲਾਜ ਕਰਵਾਉਣ ਲਈ ਲੰਡਨ ਗਏ ਸਨ।


author

Sunny Mehra

Content Editor

Related News