ਭਾਰਤ ਦੇ ਤੀਰਥਯਾਤਰੀਆਂ ਲਈ ਸ਼ਾਰਦਾ ਮੰਦਰ ਦਾ ਲਾਂਘਾ ਖੋਲ੍ਹੇਗਾ ਪਾਕਿ

03/25/2019 3:57:23 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਸ਼ਾਰਦਾ ਮੰਦਰ ਲਾਂਘੇ ਨੂੰ ਹਿੰਦੂ ਤੀਰਥਯਾਤਰੀਆਂ ਖਾਸ ਕਰ ਕੇ ਭਾਰਤ ਦੇ ਸ਼ਰਧਾਲੂਆਂ ਲਈ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸੂਬੇ ਦੇ ਨੈਰੋਵਾਲ ਜ਼ਿਲੇ ਵਿਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਕੋਰੀਡੋਰ 'ਤੇ ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਬਣੀ ਸੀ। ਇਕ ਅੰਗਰੇਜ਼ੀ ਅਖਬਾਰ ਨੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਦਾ ਵਿਦੇਸ਼ ਮੰਤਰਾਲੇ ਪਹਿਲਾਂ ਹੀ ਇਸ ਲਾਂਘੇ ਨੂੰ ਖੋਲ੍ਹਣ ਲਈ ਪ੍ਰਸਤਾਵ ਭੇਜ ਚੁੱਕਾ ਹੈ। 

ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ,''ਕਰਤਾਰਪੁਰ ਲਾਂਘੇ ਦੇ ਬਾਅਦ ਹਿੰਦੂਆਂ ਲਈ ਇਹ ਵੱਡੀ ਖਬਰ ਹੈ।'' ਕੁਝ ਸਰਕਾਰੀ ਅਧਿਕਾਰੀ ਇਲਾਕੇ ਦਾ ਦੌਰਾ ਕਰ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਪੋਰਟ ਸੌਂਪਣਗੇ। ਸ਼ਾਰਦਾ ਮੰਦਰ ਹਿੰਦੂਆਂ ਦਾ ਇਕ ਮਸ਼ਹੂਰ ਮੰਦਰ ਹੈ। ਇਹ ਮੰਦਰ ਕਰੀਬ 5 ਹਜ਼ਾਰ ਸਾਲ ਪੁਰਾਣਾ ਹੈ। ਇਸ ਮੰਦਰ ਦਾ ਨਿਰਮਾਣ ਮਹਾਰਾਜਾ ਅਸ਼ੋਕ ਦੇ ਕਾਰਜਕਾਲ ਵਿਚ ਹੋਇਆ ਸੀ। ਮੰਦਰ ਨੇੜੇ ਇਕ ਤਲਾਅ ਹੈ ਜਿਸ ਨੂੰ 'ਮਾਦੋਮਤੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਾ ਪਾਣੀ ਹਿੰਦੂ ਭਾਈਚਾਰੇ ਲਈ ਕਟਾਸਰਾਜ ਮੰਦਰ ਦੇ ਪਾਣੀ ਵਾਂਗ ਕਾਫੀ ਮਹੱਤਵ  ਰੱਖਦਾ ਹੈ। 

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਰਾਸ਼ਟਰੀ ਅਸੈਂਬਲੀ ਦੇ ਮੈਂਬਰ ਡਾਕਟਰ ਰਮੇਸ਼ ਕੁਮਾਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਪਾਕਿਸਤਾਨ ਨੇ ਸ਼ਾਰਦਾ ਮੰਦਰ ਖੋਲ੍ਹਣ ਦਾ ਫੈਸਲਾ ਲਿਆ ਹੈ। ਮੈਂ ਦੋ ਦਿਨ ਵਿਚ ਮੰਦਰ  ਦੀ ਯਾਤਰਾ 'ਤੇ ਜਾ ਰਿਹਾ ਹਾਂ। ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸਬੰਧ ਵਿਚ ਰਿਪੋਰਟ ਭੇਜਾਂਗਾ। ਇਸ ਪ੍ਰਾਜੈਕਟ 'ਤੇ ਚਾਲੂ ਸਾਲ ਵਿਚ ਕੰਮ ਸ਼ੁਰੂ ਹੋਵੇਗਾ ਅਤੇ ਇਸ ਦੇ ਬਾਅਦ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ ਵੀ ਇੱਥੇ ਦੀ ਯਾਤਰਾ ਕਰ ਸਕਣਗੇ।''


Vandana

Content Editor

Related News