ਪਾਕਿਸਤਾਨ ਨੇ ਵੀ ਮੰਨਿਆ ਤਰਨਜੀਤ ਸੰਧੂ ਦਾ ਲੋਹਾ, ‘ਸਿੰਘ’ ਅਮਰੀਕਾ ’ਚ ਹਨ ਭਾਰਤੀ ਰਾਜਦੂਤ (ਵੀਡੀਓ)
Saturday, Feb 19, 2022 - 02:40 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਦੇ ਸਿੱਖਿਆ ਸ਼ਾਸਤਰੀ, ਰਣਨੀਤਕ ਅਤੇ ਸਿਆਸੀ ਵਿਸ਼ਲੇਸ਼ਕ ਕਮਰ ਚੀਮਾ ਨੇ ਇਕ ਗੱਲਬਾਤ ਦੌਰਾਨ ਅਮਰੀਕਾ ਵਿਚ ਨਿਯੁਕਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀਆਂ ਖੁੱਲ਼੍ਹ ਕੇ ਤਾਰੀਫ਼ਾਂ ਕੀਤੀਆਂ ਹਨ। ਅਸਲ ਵਿਚ ਕਮਰ ਚੀਮਾ ਪਾਕਿਸਤਾਨੀ ਮੂਲ ਦੇ ਅਮਰੀਕਾ ਦੇ ਵਿਸ਼ਲੇਸ਼ਕ ਸਾਜਿਦ ਤਰਾਰ ਨਾਲ ਚਰਚਾ ਕਰ ਰਹੇ ਸਨ। ਆਪਣੀ ਚਰਚਾ ਵਿਚ ਉਹਨਾਂ ਨੇ ਤਰਨਜੀਤ ਸਿੰਘ ਸੰਧੂ ਦੀ ਵਡਿਆਈ ਕਰਦਿਆਂ ਕਿਹਾ ਕਿ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀਆਂ ਕੋਸ਼ਿਸ਼ਾਂ ਨਾਲ ਭਾਰਤ-ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਅਮਰੀਕਾ ਨੇ ਇੰਡੋ-ਪੈਸੀਫਿਕ ਬਾਰੇ ਦਿੱਤੇ ਆਪਣੇ ਬਿਆਨ ਵਿਚ ਭਾਰਤ ਦਾ ਸਮਰਥਨ ਕਰਨ ਦੀ ਵੀ ਗੱਲ ਕਹੀ ਹੈ।
ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਰਤੀ ਰਾਜਦੂਤ ਸੰਧੂ ਇੰਨਾ ਵਧੀਆ ਕੰਮ ਕਰ ਰਹੇ ਹਨ ਤਾਂ ਦੂਜੇ ਪਾਸੇ ਪਾਕਿਸਤਾਨ ਅਜਿਹਾ ਕੁਝ ਵੀ ਨਹੀਂ ਕਰ ਰਿਹਾ। ਇੱਥੇ ਦੱਸ ਦਈਏ ਕਿ ਕਮਰ ਚੀਮਾ ਇਸਲਾਮਾਬਾਦ ਸਥਿਤ ਰਣਨੀਤਕ ਅਤੇ ਸਿਆਸੀ ਵਿਸ਼ਲੇਸ਼ਕ ਹਨ। ਉਹਨਾਂ ਦੀ ਦਿਲਚਸਪੀ ਦੇ ਖੇਤਰ ਪਾਕਿਸਤਾਨੀ ਅਤੇ ਦੱਖਣੀ ਏਸ਼ੀਆਈ ਰਾਜਨੀਤੀ ਹਨ। ਜਦਕਿ ਸਾਜਿਦ ਤਰਾਰ ਬਾਲਟੀਮੋਰ ਦੇ ਇੱਕ ਪਾਕਿਸਤਾਨੀ ਅਮਰੀਕੀ ਵਪਾਰੀ ਹਨ। ਉਹ ਗੈਰ-ਲਾਭਕਾਰੀ ਪ੍ਰਾਈਵੇਟ ਸੰਸਥਾ ਸੈਂਟਰ ਫਾਰ ਸੋਸ਼ਲ ਚੇਂਜ ਦੇ ਸੀ.ਈ.ਓ. ਹਨ।ਚਰਚਾ ਦੌਰਾਨ ਉਹਨਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੀ ਜ਼ਿਕਰ ਕੀਤਾ। ਸਾਜਿਦ ਨੇ ਕਿਹਾ ਕਿ ਜਿੱਥੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਸੋਚ ਮੁਲਤਾਨ ਤੋਂ ਅੱਗੇ ਨਹੀਂ ਹੈ ਉੱਥੇ ਜੈਸ਼ੰਕਰ ਇਕ ਸੁਲਝੇ ਹੋਏ ਡਿਪਲੋਮੈਟ ਹਨ। ਸੰਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਮਰੀਕਾ ਵਿਚ ਭਾਰਤੀ ਅਧਿਕਾਰੀਆਂ ਅਤੇ ਲੋਕਾਂ ਨਾਲ ਨੇੜਲੇ ਰਿਸ਼ਤੇ ਕਾਇਮ ਕੀਤੇ ਹੋਏ ਹਨ। ਉਹਨਾਂ ਨੇ ਜ਼ਿਕਰ ਕੀਤਾ ਕਿ ਭਾਰਤੀ ਅੰਬੈਸੀ ਵਿਚ ਅਕਸਰ ਥਿੰਕਸ ਟੈਂਕ ਹਡਸਨ ਇੰਸਟੀਚਿਊਟ, ਗਾਰਨਗੀ ਮੇਲਨ ਅਤੇ ਬ੍ਰੋਕਿੰਗ ਇੰਸਟੀਚਿਊਟ ਦੇ ਅਧਿਕਾਰੀ ਭਾਰਤੀ ਅੰਬੈਸੀ ਵਿਚ ਬੁਲਾਏ ਜਾਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਅਮਰੀਕਾ 'ਚ ਸਿੱਖ ਬਿਜ਼ਨੈਸਮੈਨ ਸੰਦੀਪ ਚਾਹਲ ਦਾ ਨਾਂ CCTA 'ਚ ਨਾਮਜ਼ਦ
ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ 'ਤੇ ਆਉਂਦੇ ਹਨ ਤਾਂ ਉੱਘੇ ਕਾਰੋਬਾਰੀ ਵੀ ਇੱਥੇ ਪਹੁੰਚਦੇ ਹਨ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਜਦੋਂ ਇਮਰਾਨ ਖਾਨ ਅਮਰੀਕਾ ਫੇਰੀ 'ਤੇ ਆਉਂਦੇ ਹਨ ਅਤੇ ਪਾਕਿਸਤਾਨੀ ਅੰਬੈਸੀ ਪਹੁੰਚਦੇ ਹਨ ਤਾਂ ਅਜਿਹਾ ਕੁਝ ਨਹੀਂ ਹੁੰਦਾ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਾਡੀ ਜਾਣਕਾਰੀ ਤੋਂ ਬਿਨਾਂ ਲੋਕ ਇੱਥੇ ਬੁਲਾਏ ਜਾਂਦੇ ਹਨ। ਇਹ ਲੋਕ ਅਕਸਰ ਆਪਣੀਆਂ ਤਸਵੀਰਾਂ ਖਿੱਚਵਾ ਕੇ ਇੱਥੋਂ ਚਲੇ ਜਾਂਦੇ ਹਨ।
ਜਾਣੋ ਤਰਨਜੀਤ ਸਿੰਘ ਸੰਧੂ ਬਾਰੇ
ਤਰਨਜੀਤ ਸਿੰਘ ਸੰਧੂ ਮੌਜੂਦਾ ਸਮੇਂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਹਨ। ਸੰਧੂ 1988 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਖੋਲ੍ਹਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਸੀ ਅਤੇ ਉਹਨਾਂ ਨੇ ਉੱਥੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਵਿੰਗਾਂ ਦੇ ਮੁਖੀ ਵਜੋਂ ਵੀ ਕੰਮ ਕੀਤਾ। ਉਹ ਵਾਸ਼ਿੰਗਟਨ ਵਿੱਚ ਪਹਿਲੇ ਸਕੱਤਰ ਸਨ। ਉਹਨਾਂ ਨੇ ਫਰੈਂਕਫਰਟ ਵਿੱਚ ਕੌਂਸਲ ਜਨਰਲ ਅਤੇ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਵਿੱਚ ਡਿਪਟੀ ਚੀਫ ਆਫ ਮਿਸ਼ਨ ਅਤੇ ਫਰੈਂਕਫਰਟ ਵਿੱਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਕੰਮ ਕੀਤਾ। ਉਹਨਾਂ ਨੇ ਵੱਖ-ਵੱਖ ਅਹੁਦਿਆਂ 'ਤੇ ਵਿਦੇਸ਼ ਮੰਤਰਾਲੇ, ਭਾਰਤ ਵਿੱਚ ਵੀ ਸੇਵਾ ਕੀਤੀ ਹੈ।