ਪਾਕਿਸਤਾਨ ''ਚ ਚੀਨ ਦੀ ਮਦਦ ਨਾਲ ਲਾਹੌਰ ''ਚ ਚੱਲੀ ਪਹਿਲੀ ਮੈਟਰੋ ਟਰੇਨ
Tuesday, Oct 27, 2020 - 08:58 AM (IST)
ਇਸਲਾਮਾਬਾਦ- ਪਾਕਿਸਤਾਨ ਨੂੰ ਆਪਣੀ ਪਹਿਲੀ ਮੈਟਰੋ ਲਾਈਨ ਮਿਲ ਗਈ ਹੈ। ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਦੇਸ਼ ਦੀ ਪਹਿਲੀ ਮੈਟਰੋ ਲਾਈਨ ਉੱਤੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।
ਇਸ 27-ਕਿਲੋਮੀਟਰ (17-ਮੀਲ) ਲੰਬੀ ਆਰੈਂਜ ਲਾਈਨ 'ਤੇ ਦੋ ਦਰਜਨ ਤੋਂ ਵੱਧ ਸਟੇਸ਼ਨ ਹਨ। ਭੀੜ ਭਰੇ ਲਾਹੌਰ ਸ਼ਹਿਰ ਵਿਚ ਕਿਤੇ ਵੀ ਯਾਤਰਾ ਕਰਨਾ ਸੌਖਾ ਹੋਵੇਗਾ। ਜੇਕਰ ਬੱਸ ਰਾਹੀਂ ਕਿਤੇ ਵੀ ਜਾਣ ਵਿਚ ਢਾਈ ਘੰਟੇ ਲੱਗਦੇ ਸਨ ਤਾਂ ਹੁਣ ਮੈਟਰੋ ਰਾਹੀਂ ਸਿਰਫ 45 ਮਿੰਟਾਂ ਵਿਚ ਮੰਜ਼ਲ 'ਤੇ ਪੁੱਜਿਆ ਜਾ ਸਕੇਗਾ।
ਅਧਿਕਾਰੀਆਂ ਨੂੰ ਉਮੀਦ ਹੈ ਕਿ ਮੈਟਰੋ ਪੂਰੀ ਤਰ੍ਹਾਂ ਚਾਲੂ ਹੋਣ 'ਤੇ ਹਰ ਰੋਜ਼ ਤਕਰੀਬਨ ਢਾਈ ਲੱਖ ਲੋਕ ਇਸ ਵਿਚ ਸਫਰ ਕਰਨਗੇ।
ਪੰਜਾਬ ਸੂਬੇ ਦੇ ਮੁੱਖ ਮੰਤਰੀ ਓਸਮਾਨ ਬੁਜਦਾਰ ਨੇ ਐਤਵਾਰ ਨੂੰ ਉਦਘਾਟਨ ਸਮਾਰੋਹ ਦੌਰਾਨ ਕਿਹਾ, "ਇਹ ਪ੍ਰਾਜੈਕਟ ਲਾਹੌਰ ਵਿਚ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰੇਗਾ।"
ਇਸ ਪ੍ਰਾਜੈਕਟ ਦੀ ਲਾਗਤ 300 ਅਰਬ ਰੁਪਏ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਵਿਚ ਕਈ ਸਾਲਾਂ ਦੀ ਦੇਰੀ ਹੋਈ ਸੀ ਅਤੇ ਬਹੁਤ ਸਾਰੇ ਰਾਜਨੀਤਿਕ ਵਿਵਾਦ ਵੀ ਹੋਏ ਸਨ ਪਰ ਆਖਰਕਾਰ ਸੋਮਵਾਰ ਨੂੰ ਇਹ ਸੇਵਾ ਆਮ ਲੋਕਾਂ ਲਈ ਆਰੰਭ ਕੀਤੀ ਗਈ।