ਪਾਕਿ ਦੇ ਬੇਰਹਿਮ ਸਿਸਟਮ ਤੋਂ ਤੰਗ ਮਹਿਲਾ ਕਾਂਸਟੇਬਲ ਨੇ ਦਿੱਤਾ ਅਸਤੀਫਾ, ਵੀਡੀਓ
Monday, Sep 09, 2019 - 01:40 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵੱਲੋਂ ਜ਼ਿਆਦਾਤਰ ਘੱਟ ਗਿਣਤੀ ਭਾਈਚਾਰੇ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ। ਹੁਣ ਇੱਥੇ ਸੱਤਾ ਦੇ ਨਸ਼ੇ ਵਿਚ ਟੱਲੀ ਇਕ ਵਕੀਲ ਨੇ ਜਨਤਕ ਰੂਪ ਵਿਚ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ। ਇਸ ਮਗਰੋਂ ਮਹਿਲਾ ਕਾਂਸਟੇਬਲ ਫੈਜ਼ਾ ਨਵਾਜ਼ ਨੇ ਐਤਵਾਰ ਨੂੰ ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਕਿ ਉਹ ਅਸਲ ਵਿਚ ਇਸ ਬੇਇਨਸਾਫੀ ਵਾਲੀ ਜ਼ਾਲਮ ਵਿਵਸਥਾ ਤੋਂ ਤੰਗ ਆ ਚੁੱਕੀ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਫੈਜ਼ਾ ਨਵਾਜ਼ ਨੇ ਇਸ ਸਬੰਧੀ ਇਕ ਵੀਡੀਓ ਸੰਦੇਸ਼ ਪੋਸਟ ਕੀਤਾ ਹੈ।
ਇਸ ਵੀਡੀਓ ਸੰਦੇਸ਼ ਵਿਚ ਫੈਜ਼ਾ ਨੇ ਦੋਸ਼ ਲਗਾਇਆ ਹੈ ਕਿ ਵਿਭਾਗ ਵਿਚ ਕੁਝ ਅਜਿਹੇ ਤੱਤ ਹਨ ਜੋ ਵਕੀਲ ਨਾਲ ਮਿਲੇ ਹੋਏ ਸਨ। ਉਨ੍ਹਾਂ ਨੇ ਵਕੀਲ ਦਾ ਗਲਤ ਸਾਥ ਦਿੱਤਾ। ਇਸ ਕਾਰਨ ਵਕੀਲ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਫੈਜ਼ਾ ਨੇ ਕਿਹਾ,''ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਲੋਕਾਂ ਦੀ ਮਦਦ ਕਰਨ ਲਈ ਮਾਣ ਨਾਲ ਪੁਲਸ ਵਿਭਾਗ ਵਿਚ ਸ਼ਾਮਲ ਹੋਈ ਸੀ ਪਰ ਮੈਂ ਖੁਦ ਨੂੰ ਹੀ ਨਿਆਂ ਨਹੀਂ ਦਿਵਾ ਸਕੀ ਤਾਂ ਲੋਕਾਂ ਦੀ ਮਦਦ ਕਿਵੇਂ ਕਰਾਂਗੀ।''
ਫੈਜ਼ਾ ਨੇ ਆਪਣੇ ਅਹੁਦੇ ਤੋਂ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਕਿ ਉਹ ਅਜਿਹੇ ਖੋਖਲੇ ਸਿਸਟਮ ਵਿਚ ਰਹਿ ਕੇ ਸ਼ਕਤੀਸ਼ਾਲੀ ਭ੍ਰਿਸ਼ਟ ਮਾਫੀਆ ਦਾ ਸਾਹਮਣਾ ਨਹੀਂ ਕਰ ਸਕਦੀ। ਪੰਜਾਬ ਦੇ ਫਿਰੋਜ਼ਵਾਲਾ ਸ਼ਹਿਰ ਵਿਚ ਫੈਜ਼ਾ ਨੇ ਵੀਰਵਾਰ ਨੂੰ ਵਕੀਲ ਅਹਿਮਦ ਮੁਖਤਾਰ ਨੂੰ ਗਲਤ ਪਾਰਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਕੀਲ ਨੇ ਫੈਜ਼ਾ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਬਾਅਦ ਵਿਚ ਪੁਲਸ ਨੇ ਕਾਂਸਟੇਬਲ ਦੀ ਸ਼ਿਕਾਇਤ 'ਤੇ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ। ਪਰ ਸ਼ਨੀਵਾਰ ਨੂੰ ਫੈਜ਼ਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਕ ਨਿਆਂਇਕ ਮਜਿਸਟ੍ਰੇਟ ਨੇ ਅਹਿਮਦ ਮੁਖਤਾਰ ਨੂੰ ਰਿਹਾਅ ਕਰ ਦਿਤਾ। ਦੋਸ਼ੀ ਦੀ ਰਿਹਾਈ ਇਸ ਲਈ ਹੋ ਗਈ ਸੀ ਕਿਉਂਕਿ ਉਸ ਦਾ ਨਾਮ ਗਲਤ ਲਿਖਿਆ ਗਿਆ ਸੀ। ਐੱਫ.ਆਈ.ਆਰ. ਵਿਚ ਅਹਿਮਦ ਮੁਖਤਾਰ ਦੀ ਜਗ੍ਹਾ ਅਹਿਮਦ ਇਫਤਿਆਰ ਲਿਖਿਆ ਗਿਆ ਸੀ।
ਫੈਜ਼ਾ ਨੇ ਇਹ ਵੀ ਕਿਹਾ ਕਿ ਉਸ ਦੇ ਚਰਿੱਤਰ 'ਤੇ ਕੁਝ ਵਕੀਲ ਸਵਾਲ ਉਠਾ ਰਹੇ ਹਨ ਜਦਕਿ ਉਨ੍ਹਾਂ ਨੇ ਸਿਰਫ ਆਪਣੇ ਫਰਜ਼ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਫੈਜ਼ਾ ਨੇ ਕਿਹਾ,''ਮੈਂ ਇਸ ਬੇਰਹਿਮ ਸਿਸਟਮ ਤੋਂ ਤੰਗ ਆ ਚੁੱਕੀ ਹਾਂ। ਮੈਂ ਬਹੁਤ ਡਰ ਗਈ ਹਾਂ। ਮੈਨੂੰ ਨਹੀਂ ਪਤਾ ਕੀ ਕਰਨਾ ਚਾਹੀਦਾ ਹੈ। ਕੀ ਮੈਨੂੰ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ?'' ਫੈਜ਼ਾ ਨੇ ਇਸ ਘਟਨਾ 'ਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਮੁੱਖ ਜੱਜ ਆਸਿਫ ਸਈਦ ਖੋਸਾ ਨੂੰ ਇਸ ਘਟਨਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।