ਅਫਗਾਨਿਸਤਾਨ ''ਤੇ UN ਦੀ ਰਿਪੋਰਟ ''ਤੇ ਭੜਕੀ ਪਾਕਿ ਫੌਜ, ਦਾਅਵਿਆਂ ਨੂੰ ਦੱਸਿਆ ''ਬੇਬੁਨਿਆਦ''

Sunday, Aug 30, 2026 - 02:02 PM (IST)

ਅਫਗਾਨਿਸਤਾਨ ''ਤੇ UN ਦੀ ਰਿਪੋਰਟ ''ਤੇ ਭੜਕੀ ਪਾਕਿ ਫੌਜ, ਦਾਅਵਿਆਂ ਨੂੰ ਦੱਸਿਆ ''ਬੇਬੁਨਿਆਦ''

ਇੰਟਰਨੈਸ਼ਨਲ ਡੈਸਕ- ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ (UN) ਦੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਆਈ ਇੱਕ ਨਵੀਂ ਰਿਪੋਰਟ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਤਣਾਅ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ 'ਯੂਨਾਇਟਿਡ ਨੇਸ਼ਨਜ਼ ਅਸਿਸਟੈਂਸ ਮਿਸ਼ਨ ਇਨ ਅਫ਼ਗਾਨਿਸਤਾਨ' (UNAMA) ਨੇ ਖੁਲਾਸਾ ਕੀਤਾ ਹੈ ਕਿ ਅਕਤੂਬਰ 2025 ਤੋਂ ਜੂਨ 2026 ਦਰਮਿਆਨ ਪਾਕਿਸਤਾਨ ਨਾਲ ਹੋਏ ਟਕਰਾਅ ਵਿੱਚ 499 ਆਮ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 1,216 ਲੋਕ ਜ਼ਖਮੀ ਹੋਏ ਹਨ। ਪਾਕਿਸਤਾਨੀ ਫੌਜ ਨੇ ਇਸ ਰਿਪੋਰਟ ਵਿੱਚ ਲਗਾਏ ਗਏ ਨਾਗਰਿਕਾਂ ਦੀਆਂ ਮੌਤਾਂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ 'ਬੇਬੁਨਿਆਦ' ਕਰਾਰ ਦਿੱਤਾ ਹੈ।

ਪਾਕਿਸਤਾਨੀ ਫੌਜੀ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਹਵਾਈ ਹਮਲਿਆਂ ਦਾ ਬਚਾਅ ਕਰਦਿਆਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਕਾਬੁਲ ਅਤੇ ਹੋਰ ਥਾਵਾਂ 'ਤੇ ਬੇਹੱਦ ਸਟੀਕਤਾ ਨਾਲ ਕਾਰਵਾਈ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿੱਚ ਸਿਰਫ਼ ਪਾਕਿਸਤਾਨੀ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਮਾਰੇ ਗਏ ਲੋਕ ਅੱਤਵਾਦੀ ਸਨ। ਚੌਧਰੀ ਅਨੁਸਾਰ, ਜਨਵਰੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ 3,145 ਅੱਤਵਾਦੀ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਇਹ ਹਮਲੇ ਰੱਖਿਆਤਮਕ ਕਾਰਵਾਈ ਵਜੋਂ ਕੀਤੇ ਗਏ ਸਨ।

ਰਿਪੋਰਟ ਅਨੁਸਾਰ ਇਸ ਦੌਰਾਨ ਸਭ ਤੋਂ ਭਿਆਨਕ ਘਟਨਾ 16 ਮਾਰਚ ਨੂੰ ਵਾਪਰੀ, ਜਦੋਂ ਪਾਕਿਸਤਾਨੀ ਹਵਾਈ ਹਮਲੇ ਨੇ ਕਾਬੁਲ ਵਿੱਚ 'ਓਮੀਦ ਰੀਹੈਬਲੀਟੇਸ਼ਨ ਐਂਡ ਟ੍ਰੀਟਮੈਂਟ ਸੈਂਟਰ' ਨੂੰ ਨਿਸ਼ਾਨਾ ਬਣਾਇਆ। ਸੰਯੁਕਤ ਰਾਸ਼ਟਰ ਮੁਤਾਬਕ ਇਸ ਹਮਲੇ ਵਿੱਚ 269 ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋਏ। ਮਨੁੱਖੀ ਅਧਿਕਾਰ ਸੰਸਥਾ 'ਐਮਨੈਸਟੀ ਇੰਟਰਨੈਸ਼ਨਲ' ਨੇ ਇਸ ਹਮਲੇ ਨੂੰ ਸੰਭਾਵਿਤ 'ਯੁੱਧ ਅਪਰਾਧ' ਵਜੋਂ ਜਾਂਚਣ ਦੀ ਮੰਗ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦਾ ਦਾਅਵਾ ਸੀ ਕਿ ਇਮਾਰਤ ਦੀ ਵਰਤੋਂ ਫੌਜੀ ਮਨੋਰਥਾਂ ਲਈ ਹੋ ਰਹੀ ਸੀ, ਪਰ ਐਮਨੈਸਟੀ ਅਨੁਸਾਰ ਉੱਥੇ ਕਿਸੇ ਹਥਿਆਰ ਜਾਂ ਫੌਜੀ ਸਰਗਰਮੀ ਦੇ ਕੋਈ ਸਬੂਤ ਨਹੀਂ ਮਿਲੇ।

ਪੜ੍ਹੋ ਇਹ ਅਹਿਮ ਖ਼ਬਰ-   ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

ਇਸੇ ਤਰ੍ਹਾਂ 28 ਜੂਨ ਨੂੰ ਪਕਤੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਦੋ ਲਗਾਤਾਰ ਹਵਾਈ ਹਮਲੇ ਹੋਏ, ਜਿਸ ਵਿੱਚ 5 ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਅਤੇ 185 ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ, ਜ਼ਿਆਦਾਤਰ ਮੌਤਾਂ ਦੂਜੇ ਹਮਲੇ ਦੌਰਾਨ ਹੋਈਆਂ, ਜਦੋਂ ਸਥਾਨਕ ਲੋਕ ਪਹਿਲੇ ਹਮਲੇ ਦੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। UNAMA ਦੀ ਮਨੁੱਖੀ ਅਧਿਕਾਰ ਨਿਰਦੇਸ਼ਕ ਫਿਓਨਾ ਫਰੇਜ਼ਰ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਬਚਾਅ ਕਰਮਚਾਰੀਆਂ ਅਤੇ ਮਾਨਵਤਾਵਾਦੀ ਵਰਕਰਾਂ 'ਤੇ ਹਮਲੇ ਸਖ਼ਤੀ ਨਾਲ ਵਰਜਿਤ ਹਨ ਅਤੇ ਇਸ ਘਟਨਾ ਦੀ ਵੀ ਯੁੱਧ ਅਪਰਾਧ ਵਜੋਂ ਜਾਂਚ ਹੋ ਸਕਦੀ ਹੈ।

ਭਾਰਤ-ਤਾਲਿਬਾਨ ਸਬੰਧਾਂ ਤੋਂ ਭੜਕਿਆ ਪਾਕਿਸਤਾਨ

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਸਰਹੱਦੀ ਤਣਾਅ ਫਰਵਰੀ ਵਿੱਚ ਬਹੁਤ ਜ਼ਿਆਦਾ ਵਧ ਗਿਆ ਸੀ ਜਦੋਂ ਅਫ਼ਗਾਨ ਫੌਜਾਂ ਨੇ ਪਾਕਿਸਤਾਨੀ ਹਵਾਈ ਹਮਲਿਆਂ ਦੇ ਜਵਾਬ ਵਿੱਚ ਸਰਹੱਦ ਪਾਰ ਹਮਲੇ ਕੀਤੇ। ਇਸ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਲਿਖਿਆ ਸੀ, "ਸਾਡਾ ਸਬਰ ਹੁਣ ਮੁੱਕ ਗਿਆ ਹੈ। ਹੁਣ ਸਾਡੇ ਵਿਚਕਾਰ ਸਿੱਧੀ ਜੰਗ ਹੈ"।ਆਸਿਫ਼ ਨੇ ਅਫ਼ਗਾਨਿਸਤਾਨ ਦੇ ਭਾਰਤ ਨਾਲ ਸੁਧਰ ਰਹੇ ਸਬੰਧਾਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਤਾਲੀਬਾਨ ਨੇ ਅਫ਼ਗਾਨਿਸਤਾਨ ਨੂੰ "ਭਾਰਤ ਦੀ ਕਲੋਨੀ" ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ 2022 ਵਿੱਚ ਕਾਬੁਲ ਵਿੱਚ ਆਪਣਾ ਦੂਤਾਵਾਸ ਮੁੜ ਖੋਲ੍ਹਿਆ ਸੀ ਅਤੇ ਅਕਤੂਬਰ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਅਫ਼ਗਾਨ ਤਾਲੀਬਾਨ ਦੇ ਡਿਪਲੋਮੈਟਿਕ ਵਫ਼ਦ ਦਾ ਸਵਾਗਤ ਕੀਤਾ ਸੀ। ਪਾਕਿਸਤਾਨ ਦਾ ਦੋਸ਼ ਹੈ ਕਿ ਇਸੇ ਸਬੰਧਾਂ ਕਾਰਨ ਪਾਕਿਸਤਾਨ ਵਿੱਚ ਟੀ.ਟੀ.ਪੀ. (TTP) ਦੇ ਹਮਲੇ ਵਧ ਰਹੇ ਹਨ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਪੱਖਪਾਤੀ ਹੈ ਅਤੇ ਯੁੱਧ ਰਿਪੋਰਟਿੰਗ ਵਿੱਚ ਦੋਹਰੇ ਮਾਪਦੰਡਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਅਤੀਤ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਦੇ ਹਮਲਿਆਂ ਦੌਰਾਨ ਹੋਈਆਂ ਨਾਗਰਿਕ ਮੌਤਾਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਉਭਾਰਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News