ਪਾਕਿ ਅਦਾਲਤ ਨੇ ਹਾਫਿਜ਼ ਸਈਦ ਦੇ ਤਿੰਨ ਸਹਿਯੋਗੀਆਂ ਨੂੰ ਸੁਣਾਈ ਸਜ਼ਾ

01/24/2021 6:07:47 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਦੇ ਤਿੰਨ ਮੈਂਬਰਾਂ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਇਕ ਮਾਮਲੇ ਵਿਚ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.), ਲਾਹੌਰ ਨੇ ਸਈਦ ਦੇ ਰਿਸ਼ਤੇਦਾਰ ਹਾਫਿਜ਼ ਅਬਦੁੱਰ ਰਹਿਮਾਨ ਮੱਕੀ, ਜੇ.ਯੂ.ਡੀ. ਦੇ ਬੁਲਾਰੇ ਯਾਹੀਆ ਮੁਜਾਹਿਦ ਅਤੇ ਜ਼ਫਰ ਇਕਬਾਲ ਨੂੰ ਸ਼ੁੱਕਰਵਾਰ ਨੂੰ 6-6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। 

ਇਸ ਸਜ਼ਾ ਦੇ ਨਾਲ ਹੀ ਮੁਜਾਹਿਦ ਅਤੇ ਇਕਬਾਲ ਦੀ ਕੁੱਲ ਕੈਦ ਦਾ ਸਮਾਂ ਕ੍ਰਮਵਾਰ 80 ਅਤੇ 56 ਸਾਲ ਹੋ ਗਿਆ ਹੈ। ਅਦਾਲਤ ਦੇ ਇਕ ਅਧਿਕਾਰੀ ਨੇ  ਦੱਸਿਆ ਕਿ ਏ.ਟੀ.ਸੀ.-ਦੋ ਦੇ ਪੀਠਾਸੀਨ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਜ਼ਫਰ ਇਕਬਾਲ, ਅਬਦੁੱਲ ਰਹਿਮਾਨ ਮੱਕੀ ਅਤੇ ਯਾਹੀਆ ਮੁਜਾਹਿਦ ਦੇ ਖ਼ਿਲਾਫ਼ 2019 ਦੀ ਐੱਫ.ਆਈ.ਆਰ. ਨੰਬਰ 32 ਦੇ ਸੰਬੰਧ ਵਿਚ ਇਹ ਫ਼ੈਸਲਾ ਸੁਣਾਇਆ। ਉਹਨਾਂ ਨੇ ਦੱਸਿਆ ਕਿ ਅਦਾਲਤ ਨੇ ਜਦੋਂ ਫ਼ੈਸਲਾ ਸੁਣਾਇਆ ਉਦੋਂ ਤਿੰਨੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। 

ਪੜ੍ਹੋ ਇਹ ਅਹਿਮ ਖਬਰ- ਆਰ.ਐਸ.ਐਸ. ਅਤੇ ਭਾਜਪਾ ਨਾਲ ਸਬੰਧ ਰੱਖਣ ਵਾਲੇ ਦੋ ਲੋਕਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਟੀਮ 'ਚੋਂ ਕੱਢਿਆ 

ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਪੰਜਾਬ ਦੇ ਵਿਭਿੰਨ ਸ਼ਹਿਰਾਂ ਵਿਚ ਜੇ.ਯੂ.ਡੀ. ਦੇ ਨੇਤਾਵਾਂ ਖਿਲਾਫ਼ 41 ਮਾਮਲੇ ਦਰਜ ਕੀਤੇ ਹਨ। ਹੇਠਲੀਆਂ ਅਦਾਲਤਾਂ ਹੁਣ ਤੱਕ 37 ਮਾਮਲਿਆਂ ਵਿਚ ਫ਼ੈਸਲਾ ਸੁਣਾ ਚੁੱਕੀਆਂ ਹਨ। ਹਾਲ ਹੀ ਵਿਚ ਦਿੱਤੇ ਫ਼ੈਸਲੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਆਪਰੇਸ਼ਨ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀ ਵਿੱਤਪੋਸ਼ਣ ਦੇ ਇਕ ਮਾਮਲੇ ਵਿਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੌਰਤਲਬ ਹੈ ਕਿ ਜੇ.ਯੂ.ਡੀ. ਪ੍ਰਮੁੱਖ ਸਈਦ ਦੀ ਅਗਵਾਈ ਵਿਚ ਲਸ਼ਕਰ-ਏ-ਤੋਇਬਾ ਨੇ 2008 ਵਿਚ ਮੁੰਬਈ ਹਮਲੇ ਕੀਤੇ ਸਨ, ਜਿਸ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News