ਪਾਕਿਸਤਾਨ ਨੇ ਕਬੂਲਿਆ, ਉਸ ਦੀ ਹਿਰਾਸਤ ''ਚ ਹੈ ਗੁਲਾਲਾਈ ਇਸਮਾਇਲ ਦੇ ਪਿਤਾ
Saturday, Oct 26, 2019 - 03:15 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਮਹਿਲਾ ਅਧਿਕਾਰ ਵਰਕਰ ਗੁਲਾਲਾਈ ਇਸਮਾਇਲ ਦੇ ਪਿਤਾ ਨੂੰ ਹਿਰਾਸਤ 'ਚ ਲਏ ਜਾਣ ਦੀ ਗੱਲ ਕਬੂਲ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਗੁਲਾਲਾਈ ਦੇ ਪਿਤਾ ਪ੍ਰੋਫੈਸਰ ਮੁਹੰਮਦ ਇਸਮਾਇਲ ਉਨ੍ਹਾਂ ਦੇ ਕਾਨੂੰਨਾਂ ਦੇ ਮੁਤਾਬਕ ਸਾਈਬਰ ਅਪਰਾਧ ਦੇ ਮਾਮਲੇ 'ਚ ਸ਼ਾਮਲ ਹਨ। ਇਸੇ ਮਾਮਲੇ 'ਚ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨੂੰ ਉਹ ਗਲਤ ਮੰਨਦੇ ਹਨ। ਪ੍ਰੋਫੈਸਰ ਮੁਹੰਮਦ ਇਸਮਾਇਲ ਨੂੰ ਸਾਡੇ ਕਾਨੂੰਨਾਂ ਦੇ ਮੁਤਾਬਕ ਸਾਈਬਰ ਅਪਰਾਧ ਦੇ ਇਕ ਮਾਮਲੇ 'ਚ ਪੇਸ਼ਾਵਰ 'ਚ ਕਾਨੂੰਨ ਅਧਿਕਾਰੀਆਂ ਵਲੋਂ ਹਿਰਾਸਤ 'ਚ ਲਿਆ ਗਿਆ ਹੈ। ਪਾਕਿਸਤਾਨ ਦਾ ਨਾਗਰਿਕ ਹੋਣ ਦੇ ਨਾਤੇ ਪ੍ਰੋਫੈਸਰ ਇਸਮਾਇਲ ਬਚਾਅ ਦੇ ਅਧਿਕਾਰ ਦੇ ਹੱਕਦਾਰ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਇਹ ਕਬੂਲਨਾਮਾ ਅਮਰੀਕਾ ਦੇ ਪ੍ਰੋਫੈਸਰ ਮੁਹੰਮਦ ਇਸਮਾਇਲ ਦੇ ਲਾਪਤਾ ਹੋਣ ਦੀ ਘਟਨਾ ਦੀ ਨਿੰਦਾ ਤੋਂ ਬਾਅਦ ਸਾਹਮਣੇ ਆਇਆ ਹੈ। ਗੁਲਾਲਾਈ ਇਸਮਾਇਲ ਨੇ ਦੋਸ਼ ਲਾਇਆ ਸੀ ਕਿ ਪੇਸ਼ਾਵਰ 'ਚ ਵੀਰਵਾਰ ਨੂੰ ਇਕ ਅਦਾਲਤ ਦੇ ਬਾਰ ਪ੍ਰੋਫੈਸਰ ਮੁਹੰਮਦ ਇਸਮਾਇਲ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ। ਦੱਸ ਦਈਏ ਕਿ ਪਾਕਿਸਤਾਨ ਗੁਲਾਲਾਈ ਇਸਮਾਇਲ ਦੇ ਮਾਤਾ-ਪਿਤਾ 'ਤੇ ਅੱਤਵਾਦੀ ਫੰਡਿੰਗ ਦੇ ਦੋਸ਼ ਜਾ ਮੁਕੱਦਮਾ ਚਲਾ ਰਿਹਾ ਹੈ।