ਪਾਕਿਸਤਾਨ ਨੇ ਸ਼੍ਰੀਲੰਕਾ ''ਚ ਹੋਏ ਅੱਤਵਾਦੀ ਹਮਲਿਆਂ ਦੀ ਕੀਤੀ ਨਿੰਦਾ
Sunday, Apr 21, 2019 - 04:08 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਈਸਟਰ ਦੇ ਮੌਕੇ 'ਤੇ ਐਤਵਾਰ ਨੂੰ ਸ਼੍ਰੀਲੰਕਾ ਦੀਆਂ ਚਰਚਾਂ ਤੇ ਹੋਟਲਾਂ 'ਚ ਹੋਏ ਲੜੀਵਾਰ ਧਮਾਕਿਆਂ ਦੀ ਨਿੰਦਾ ਕੀਤੀ ਹੈ। ਇਨ੍ਹਾਂ ਧਮਾਕਿਆਂ 'ਚ 160 ਲੋਕਾਂ ਦੀ ਮੌਤ ਹੋ ਗਈ ਹੈ ਤੇ 460 ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ, ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਪਾਕਿਸਤਾਨ ਸ਼੍ਰੀਲੰਕਾ 'ਚ ਚਰਚਾਂ ਤੇ ਹੋਟਲਾਂ 'ਚ ਧਮਾਕਿਆਂ ਤੇ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦਾ ਹੈ, ਜਿਸ 'ਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਹਨ ਤੇ ਵੱਡਾ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਲੋਕ ਤੇ ਸਰਕਾਰ ਦੁੱਖ ਦੀ ਇਸ ਘੜੀ 'ਚ ਸ਼੍ਰੀਲੰਕਾ ਦੀ ਸਰਕਾਰ ਤੇ ਲੋਕਾਂ ਦੇ ਨਾਲ ਖੜ੍ਹੇ ਹਨ ਤੇ ਅੱਤਵਾਦ ਦੀ ਨਿੰਦਾ ਕਰਦੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤੀ ਕਿ ਸ਼੍ਰੀਲੰਕਾ 'ਚ ਈਸਟਰ ਦੇ ਮੌਕੇ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ, ਜਿਸ 'ਚ ਕਈ ਲੋਕਾਂ ਦੀ ਜਾਨ ਗਈ ਤੇ ਸੈਂਕੜੇ ਹੋਰ ਜ਼ਖਮੀ ਹੋ ਗਏ। ਮੇਰੀ ਹਮਦਰਦੀ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਹੈ। ਇਸ ਦੁੱਖ ਦੀ ਘੜੀ 'ਚ ਪਾਕਿਸਤਾਨ ਸ਼੍ਰੀਲੰਕਾ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।