ਪਾਕਿਸਤਾਨ ''ਵਿਸ਼ਵ ਕਬੱਡੀ ਕੱਪ 2020'' ''ਚ ਹਿੱਸਾ ਲੈਣ ਲਈ ਆਸਟ੍ਰੇਲ਼ੀਆ ਨੂੰ ਮਿਲਿਆ ਸੱਦਾ

12/11/2019 2:38:04 PM

ਮੈਲਬੋਰਨ, (ਮਨਦੀਪ ਸਿੰਘ ਸੈਣੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਵਿਸ਼ਵ ਕਬੱਡੀ ਕੱਪ 2020' ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ ।ਇਹ ਸਰਕਲ ਸਟਾਈਲ ਕਬੱਡੀ ਕੱਪ 12 ਜਨਵਰੀ ਤੋਂ 19 ਜਨਵਰੀ ਤੱਕ ਚੱਲੇਗਾ ਅਤੇ ਇਸ ਦੇ ਮੈਚ ਲਾਹੌਰ, ਕਰਤਾਰਪੁਰ ਸਾਹਿਬ , ਨਨਕਾਣਾ ਸਾਹਿਬ ਅਤੇ ਫੈਸਲਾਬਾਦ ਵਿੱਚ ਖੇਡੇ ਜਾਣਗੇ। ਇਸ ਕਬੱਡੀ ਕੱਪ ਵਿੱਚ ਭਾਰਤ, ਆਸਟ੍ਰੇਲੀਆ, ਇੰਗਲੈਂਡ, ਇਰਾਨ, ਕੀਨੀਆ, ਅਮਰੀਕਾ, ਕੈਨੇਡਾ ਸਮੇਤ ਵੱਖ ਵੱਖ ਦੇਸ਼ਾਂ ਤੋਂ 10 ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਨੂੰ 1 ਕਰੋੜ ਅਤੇ ਉੱਪ ਜੇਤੂ ਟੀਮ ਨੂੰ 75 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਮਿਲੇਗੀ।


ਆਸਟ੍ਰੇਲ਼ੀਆਈ ਕਬੱਡੀ ਫੈਡਰੇਸ਼ਨ ਦੇ ਮੁੱਖ ਨੁਮਾਇੰਦੇ ਕੁਲਦੀਪ ਸਿੰਘ ਬਾਸੀ ਨੇ ਪਾਕਿਸਤਾਨ ਤੋਂ ਆਏ ਸੱਦਾ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਸਟ੍ਰੇਲ਼ੀਆ ਦੀ ਕਬੱਡੀ ਟੀਮ ਵੀ ਪਾਕਿਸਤਾਨ ਖੇਡਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮੰਤਵ ਹੈ ਕਿ ਆਸਟ੍ਰੇਲੀਆ ਵੱਲੋਂ ਵਿਸ਼ਵ ਕਬੱਡੀ ਕੱਪ ਵਿੱਚ ਕਾਬਲ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ । ਇਸ ਲਈ ਉਨ੍ਹਾਂ ਨੇ ਆਸਟ੍ਰੇਲ਼ੀਆ ਭਰ ਦੇ ਖੇਡ ਕਲੱਬਾਂ ਨਾਲ ਜੁੜੇ ਕਬੱਡੀ ਖਿਡਾਰੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਸ ਕਬੱਡੀ ਕੱਪ ਵਿੱਚ ਹਿੱਸਾ ਲੈਣ ਲਈ ਸੰਪਰਕ ਕਰ ਸਕਦੇ ਹਨ। ਵਧੀਆ ਖਿਡਾਰੀਆਂ ਦੀ ਚੋਣ ਯੋਗਤਾ ਅਨੁਸਾਰ ਕੀਤੀ ਜਾਵੇਗੀ ਤਾਂ ਜੋ ਚੁਣੇ ਹੋਏ ਖਿਡਾਰੀ ਅੰਤਰਾਸ਼ਟਰੀ ਪੱਧਰ 'ਤੇ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਸਕਣ।


Related News