ਪਹਿਲੀ ਵਾਰ ਸਮੁੰਦਰ ’ਚ ਆਰਟੀਫੀਸ਼ੀਅਲ ਆਈਲੈਂਡ ਬਣਾ ਰਿਹਾ ਪਾਕਿਸਤਾਨ
Friday, Nov 21, 2025 - 12:52 AM (IST)
ਇਸਲਾਮਾਬਾਦ- ਪਾਕਿਸਤਾਨ ਪਹਿਲੀ ਵਾਰ ਸਮੁੰਦਰ ਵਿਚ ਆਰਟੀਫੀਸ਼ੀਅਲ ਆਈਲੈਂਡ (ਨਕਲੀ ਟਾਪੂ) ਬਣਾਉਣ ਜਾ ਰਿਹਾ ਹੈ। ਸ਼ਾਹਬਾਜ਼ ਸਰਕਾਰ ਨੇ ਅਰਬ ਸਾਗਰ ਵਿਚ ਇਸ ਆਈਲੈਂਡ ਨੂੰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸਨੂੰ ਸਮੁੰਦਰ ਵਿਚ ਤੇਲ ਦੀ ਖੋਜ (ਆਇਲ ਐਕਸਪਲੋਰੇਸ਼ਨ) ਲਈ ਸਥਾਈ ਪਲੇਟਫਾਰਮ ਵਾਂਗ ਇਸਤੇਮਾਲ ਕੀਤਾ ਜਾਏਗਾ। ਇਸ ਪ੍ਰਾਜੈਕਟ ਨੂੰ ਪਾਕਿਸਤਾਨ ਪੈਟਰੋਲੀਅਮ ਲਿਮਟਿਡ (ਪੀ. ਪੀ. ਐੱਲ.) ਲੀਡ ਕਰੇਗੀ। ਪਾਕਿਸਤਾਨ ਨੇ ਇਹ ਫੈਸਲਾ ਟਰੰਪ ਦਾ ਸਮਰਥਨ ਮਿਲਣ ਤੋਂ ਬਾਅਦ ਲਿਆ ਹੈ। ਟਰੰਪ ਨੇ ਜੁਲਾਈ ਵਿਚ ਐਲਾਨ ਕੀਤਾ ਸੀ ਕਿ ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਇਹ ਤੇਲ ਮਿਲ ਜਾਂਦਾ ਹੈ ਤਾਂ ਭਾਰਤ ਵੀ ਇਸਨੂੰ ਖਰੀਦ ਸਕਦਾ ਹੈ। ਹੁਣ, ਪਾਕਿਸਤਾਨ ਇਸ ਨਕਲੀ ਟਾਪੂ ਦੀ ਮਦਦ ਨਾਲ ਅਰਬ ਸਾਗਰ ਵਿਚ 25 ਤੇਲ ਖੂਹਾਂ ਦੀ ਖੁਦਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸਿੰਧ ਦੇ ਤੱਟ ਤੋਂ 30 ਕਿਲੋਮੀਟਰ ਦੂਰ ਬਣੇਗਾ ਆਈਲੈਂਡ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਇਹ ਆਰਟੀਫੀਸ਼ੀਅਲ ਆਈਲੈਂਡ ਸਿੰਧ ਦੇ ਤੱਟ ਤੋਂ ਲੱਗਭਗ 30 ਕਿਲੋਮੀਟਰ ਦੂਰ, ਸੁਜਾਵਲ ਖੇਤਰ ਦੇ ਨੇੜੇ ਬਣਾਇਆ ਜਾ ਰਿਹਾ ਹੈ। ਸੁਜਾਵਲ ਕਰਾਚੀ ਤੋਂ ਲੱਗਭਗ 130 ਕਿਲੋਮੀਟਰ ਦੂਰ ਹੈ।
ਆਈ ਲੈਂਡ ਨੂੰ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੋਂ ਬਚਾਉਣ ਲਈ 6 ਫੁੱਟ ਉੱਚਾ ਬਣਾਇਆ ਜਾ ਰਿਹਾ ਹੈ। ਪਹਿਲਾਂ ਸਮੁੰਦਰੀ ਲਹਿਰਾਂ ਕਾਰਨ ਜਿਨ੍ਹਾਂ ਡ੍ਰਿਲਿੰਗ ਪ੍ਰਾਜੈਕਟਾਂ ਵਿਚ ਰੁਕਾਵਟਾਂ ਆਈਆਂ ਸਨ, ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇਗਾ। ਆਈਲੈਂਡ ਦੇ ਫਰਵਰੀ ਤੱਕ ਤਿਆਰ ਹੋਣ ਦੀ ਉਮੀਦ ਹੈ।
ਪਿਛਲੇ ਸਾਲ ਪਾਕਿਸਤਾਨ ’ਚ ਤੇਲ ਭੰਡਾਰ ਮਿਲਿਆ
ਪਾਕਿਸਤਾਨ ਦੀ ਸਮੁੰਦਰੀ ਸਰਹੱਦ ਵਿਚ ਪਿਛਲੇ ਸਾਲ ਸਤੰਬਰ ’ਚ ਤੇਲ ਤੇ ਗੈਸ ਦਾ ਇਕ ਵੱਡਾ ਭੰਡਾਰ ਮਿਲਿਆ ਸੀ। ਡਾਨ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਇਸ ਇਲਾਕੇ ਵਿਚ ਇਕ ਸਹਿਯੋਗੀ ਦੇਸ਼ ਨਾਲ ਮਿਲ ਕੇ 3 ਸਾਲ ਤੱਕ ਸਰਵੇ ਕੀਤਾ ਸੀ। ਇਸ ਤੋਂ ਬਾਅਦ ਇਥੇ ਤੇਲ ਅਤੇ ਗੈਸ ਭੰਡਾਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ।
ਕੁਝ ਰਿਪੋਰਟਾਂ ਮੁਤਾਬਕ, ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੋ ਸਕਦਾ ਹੈ। ਫਿਲਹਾਲ ਵੈਨੇਜ਼ੁਏਲਾ ’ਚ ਤੇਲ ਦਾ ਸਭ ਤੋਂ ਵੱਡਾ ਭੰਡਾਰ ਹੈ, ਜਿਥੇ 34 ਲੱਖ ਬੈਰਲ ਤੇਲ ਹੈ। ਦੂਜੇ ਪਾਸੇ, ਅਮਰੀਕਾ ਕੋਲ ਸਭ ਤੋਂ ਵੱਡਾ ਸ਼ੁੱਧ ਤੇਲ ਦਾ ਭੰਡਾਰ ਹੈ, ਜਿਸਨੂੰ ਹੁਣ ਤੱਕ ਇਸਤੇਮਾਲ ਨਹੀਂ ਕੀਤਾ ਗਿਆ ਹੈ।
