ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਦੇ ਬਲੂਚਿਸਤਾਨ ’ਚ ਹਾਦਸਾਗ੍ਰਸਤ ਹੋਣ ਦਾ ਸ਼ੱਕ
Tuesday, Aug 02, 2022 - 11:43 AM (IST)
 
            
            ਇਸਲਾਮਾਬਾਦ (ਭਾਸ਼ਾ)– ਬਲੂਚਿਸਤਾਨ ’ਚ ਹੜ੍ਹ ਰਾਹਤ ਮੁਹਿੰਮ ’ਚ ਤਾਇਨਾਤ ਪਾਕਿਸਤਾਨੀ ਫੌਜ ਦੇ ਇਕ ਹੈਲੀਕਾਪਟਰ ਦਾ ਹਵਾਈ ਆਵਾਜਾਈ ਕੰਟਰੋਲ (ਏ. ਟੀ. ਸੀ.) ਨਾਲ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਉਸ ਦੇ ਹਾਦਸਾਗ੍ਰਸਤ ਹੋਣ ਦਾ ਸ਼ੱਕ ਹੈ। ਇਸ ਹੈਲੀਕਾਪਟਰ ’ਚ 12 ਕੋਰ ਦੇ ਇਕ ਚੋਟੀ ਦੇ ਕਮਾਂਡਰ ਸਮੇਤ ਫੌਜ ਦੇ 6 ਸੀਨੀਅਰ ਅਧਿਕਾਰੀ ਸਵਾਰ ਸਨ।
ਪਾਕਿਸਤਾਨ ਦੇ ਹਥਿਆਰ ਸੁਰੱਖਿਆ ਬਲਾਂ ਦੀ ਮੀਡੀਆ ਬ੍ਰਾਂਚ ‘ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ ਦੇ ਡਾਇਰੈਕਟਰ ਜਨਰਲ ਬਾਬਰ ਇਫਤਿਖ਼ਾਰ ਨੇ ਸੋਮਵਾਰ ਨੂੰ ਟਵੀਟ ਕੀਤਾ, ‘‘ਬਲੂਚਿਸਤਾਨ ਦੇ ਲਾਸਬੇਲਾ ’ਚ ਹੜ੍ਹ ਰਾਹਤ ਕੰਮਾਂ ’ਚ ਤਾਇਨਾਤ ਪਾਕਿਸਤਾਨ ਦੇ ਇਕ ਫੌਜੀ ਹੈਲੀਕਾਪਟਰ ਦਾ ਏ. ਟੀ. ਸੀ. ਨਾਲ ਸੰਪਰਕ ਟੁੱਟ ਗਿਆ। ਬਲੂਚਿਸਤਾਨ ’ਚ ਹੜ੍ਹ ਰਾਹਤ ਕੰਮਾਂ ਦੀ ਨਿਗਰਾਨੀ ਕਰ ਰਹੇ 12 ਕੋਰ ਦੇ ਕਮਾਂਡਰ ਸਮੇਤ 6 ਲੋਕ ਉਸ ’ਚ ਸਵਾਰ ਸਨ। ਭਾਲ ਮੁਹਿੰਮ ਅਜੇ ਜਾਰੀ ਹੈ।’’
ਇਹ ਖ਼ਬਰ ਵੀ ਪੜ੍ਹੋ : ਅਮਰੀਕਾ :ਵਾਸ਼ਿੰਗਟਨ 'ਚ ਗੋਲੀਬਾਰੀ, 1 ਦੀ ਮੌਤ ਅਤੇ ਕਈ ਲੋਕ ਜ਼ਖਮੀ
ਫੌਜ ਨੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ। ਉਸ ਨੇ ਸਿਰਫ ਇੰਨਾ ਦੱਸਿਆ ਹੈ ਕਿ ਹੈਲੀਕਾਪਟਰ ਲਾਪਤਾ ਹੋ ਗਿਆ ਹੈ। ਇਸ ਵਿਚਾਲੇ ਇਕ ਪੁਲਸ ਸੂਤਰ ਨੇ ਦੱਸਿਆ ਕਿ ਹੈਲੀਕਾਪਟਰ ਲਾਸਬੇਲਾ ਦੇ ਇਕ ਪਹਾੜੀ ਇਲਾਕੇ ’ਚ ਸੱਸੀ ਪਨੂੰ ਨਾਂ ਦੀ ਜਗ੍ਹਾ ਕੋਲ ਸਪੱਸ਼ਟ ਰੂਪ ਨਾਲ ਹਾਦਸਾਗ੍ਰਸਤ ਹੋਇਆ ਹੈ। ਹੈਲੀਕਾਪਟਰ ’ਚ ਕਮਾਂਡਰ 12 ਕੋਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ, ਪਾਇਲਟ ਮੇਜਰ ਸਯੀਦ, ਸਹਿ-ਪਾਇਲਟ ਮੇਜਰ ਤਲਹਾ, ਸਮੁੰਦਰੀ ਰੱਖਿਅਕ ਬਲ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਅਮਜ਼ਦ, ਇੰਜੀਨੀਅਰ ਬ੍ਰਿਗੇਡੀਅਰ ਖਾਲਿਦ ਤੇ ਚੀਫ ਨਾਇਕ ਮੁਦੱਸਿਰ ਸਵਾਰ ਸਨ।

ਡਿਪਟੀ ਇੰਸਪੈਕਟਰ ਜਨਰਲ ਖੁਜਦਾਰ ਪਰਵੇਜ ਇਮਰਾਨੀ ਨੇ ਕਬੂਲ ਕੀਤਾ ਕਿ ਜਿਸ ਇਲਾਕੇ ’ਚ ਹੈਲੀਕਾਪਟਰ ਕਥਿਤ ਤੌਰ ’ਤੇ ਲਾਪਤਾ ਹੋਇਆ ਹੈ, ਉਹ ਪਹਾੜੀ ਇਲਾਕਾ ਹੈ, ਉਥੇ ਜੀਪ ਨਹੀਂ ਜਾ ਸਕਦੀ ਤੇ ਭਾਲ ਮੁਹਿੰਮ ਮੁਸ਼ਕਿਲ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖ਼ਾਨ ਨੇ ਇਸ ਘਟਨਾ ’ਤੇ ਚਿੰਤਾ ਜਤਾਈ ਹੈ। ਬਲੂਚਿਸਤਾਨ ’ਚ ਆਏ ਹੜ੍ਹ ’ਚ 147 ਲੋਕਾਂ ਦੀ ਮੌਤ ਹੋ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            