ਸਮਝੌਤੇ ਦੇ ਤਹਿਤ ਤਾਲਿਬਾਨ ਦੀ ਕੈਦ 'ਚੋਂ ਰਿਹਾਅ ਹੋਏ 3 ਭਾਰਤੀ ਇੰਜੀਨੀਅਰ

Monday, Oct 07, 2019 - 09:36 AM (IST)

ਸਮਝੌਤੇ ਦੇ ਤਹਿਤ ਤਾਲਿਬਾਨ ਦੀ  ਕੈਦ 'ਚੋਂ ਰਿਹਾਅ ਹੋਏ 3 ਭਾਰਤੀ ਇੰਜੀਨੀਅਰ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਸਥਿਤ ਤਾਲਿਬਾਨ ਅੱਤਵਾਦੀਆਂ ਦੀ ਕੈਦ ਵਿਚੋਂ 3 ਭਾਰਤੀ ਇੰਜੀਨੀਅਰਾਂ ਦੀ ਰਿਹਾਈ ਹੋਈ ਹੈ। ਇਹ ਭਾਰਤੀ ਇੰਜੀਨੀਅਰ ਸਾਲ 2018 ਤੋਂ ਮਤਲਬ ਕਰੀਬ 17 ਮਹੀਨੇ ਤੋਂ ਤਾਲਿਬਾਨ ਅੱਤਵਾਦੀਆਂ ਦੀ ਕੈਦ ਵਿਚ ਸਨ। ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਲਮਯ ਖਲੀਲਜ਼ਾਦ ਅਤੇ ਤਾਲਿਬਾਨ ਵਿਚ ਗੱਲਬਾਤ ਦੇ ਬਾਅਦ ਇਹ ਫੈਸਲਾ ਆਇਆ ਹੈ। ਦੋਹਾਂ ਵਿਚਾਲੇ ਸੁਲਹ ਲਈ ਗੱਲਬਾਤ ਹੋਈ ਸੀ। ਗੱਲਬਾਤ ਦੌਰਾਨ ਕੈਦੀਆਂ ਦੀ ਅਦਲਾ-ਬਦਲੀ 'ਤੇ ਵਾਰਤਾ ਹੋਈ ਅਤੇ ਕੈਦੀ 'ਸਵੈਪ ਡੀਲ' ਦੇ ਤਹਿਤ ਫੈਸਲਾ ਲਿਆ ਗਿਆ ਕਿ 11 ਤਾਲਿਬਾਨ ਨੇਤਾਵਾਂ ਦੇ ਬਦਲੇ 3 ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕੀਤਾ ਜਾਵੇਗਾ।

ਇੱਥੇ ਦੱਸ ਦਈਏ ਕਿ ਇਸ ਵਫਦੀ ਬੈਠਕ ਵਿਚ ਗੱਲਬਾਤ ਦੌਰਾਨ 3 ਭਾਰਤੀ ਇੰਜੀਨੀਅਰਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਅਖੀਰ ਤਾਲਿਬਾਨ ਨੇ ਪੁਸ਼ਟੀ ਕੀਤੀ ਕਿ ਉਸ ਨੇ 11 ਤਾਲਿਬਾਨੀ ਅੱਤਵਾਦੀਆਂ ਦੀ ਰਿਹਾਈ ਦੇ ਬਦਲੇ 3 ਭਾਰਤੀਆਂ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਹੈ। ਇਨ੍ਹਾਂ ਵਿਚ ਅਫਗਾਨ ਤਾਲਿਬਾਨ ਵਿਚ ਪ੍ਰਮੁੱਖ ਨੇਤਾ ਸ਼ੇਖ ਅਬਦੁੱਲ ਰਹੀਮ, ਮੌਲਵੀ ਅਬਦੁਰ ਰਸ਼ੀਦ ਅਤੇ ਅਜ਼ੀਜ਼ ਉਰ ਰਹਿਮਾਨ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਨੂੰ ਤਾਲਿਬਾਨ ਦੇ ਉਪ ਪ੍ਰਮੁੱਖ ਸਿਰਾਜੁਦੀਨ ਹੱਕਾਨੀ ਦੇ ਭਤੀਜੇ ਅਹਿਸਾਨਉੱਲਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।  

ਇਨ੍ਹਾਂ ਦੋਹਾਂ ਤਾਲਿਬਾਨ ਨੇਤਾਵਾਂ ਨੇ 2001 ਵਿਚ ਅਮਰੀਕਾ ਦੀ ਅਗਵਾਈ ਵਾਲੀ ਦਖਲ ਅੰਦਾਜ਼ੀ ਤੋਂ ਪਹਿਲਾਂ ਤਾਲਿਬਾਨ ਪ੍ਰਸ਼ਾਸਨ ਦੌਰਾਨ ਕੁਨਾਰ ਅਤੇ ਨਿਮਰੋਜ਼ ਸੂਬੇ ਦੇ ਰਾਜਪਾਲਾਂ ਦੇ ਰੂਪ ਵਿਚ ਕੰਮ ਕੀਤਾ ਹੈ। ਕੈਦੀਆਂ ਦੀ ਅਦਲਾ-ਬਦਲੀ ਐਤਵਾਰ ਨੂੰ ਇਕ ਅਣਜਾਣ ਜਗ੍ਹਾ 'ਤੇ ਕੀਤੀ ਗਈ। ਵਿਸ਼ਵਾਸਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਅਫਗਾਨ ਤਾਲਿਬਾਨ ਦੇ ਮੈਂਬਰਾਂ ਨੂੰ ਅਮਰੀਕੀ ਫੌਜੀਆਂ ਵੱਲੋਂ ਬਗਰਾਮ ਏਅਰਬੇਸ ਤੋਂ ਛੱਡ ਦਿੱਤਾ ਗਿਆ। ਤਾਲਿਬਾਨ ਅਤੇ ਅਮਰੀਕਾ ਵਿਚਾਲੇ ਕੈਦੀ ਸਵੈਪ ਸੌਦਾ ਕੀਤਾ ਗਿਆ ਸੀ।


author

Vandana

Content Editor

Related News