ਪਾਕਿ ''ਚ ਸਿੱਖਾਂ ''ਤੇ ਤਾਲਿਬਾਨੀ ਹਮਲੇ ਦਾ ਖਤਰਾ, ਵਾਇਰਲ ਆ਼ਡੀਓ ਕਲਿਪ ''ਚ ਮਿਲੀ ਚਿਤਾਵਨੀ
Thursday, May 27, 2021 - 07:03 PM (IST)
ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਸਿੱਖ ਸਮੂਹਾਂ ਵਿਚਾਲੇ ਪ੍ਰਸਾਰਿਤ ਇਕ ਆਡੀਓ ਸੰਦੇਸ਼ ਵਿਚ ਇਕ ਸਿੱਖ ਧਾਰਮਿਕ ਆਗੂ ਨੇ ਲਾਹੌਰ ਅਤੇ ਨਨਕਾਣਾ ਸਾਹਿਬ ਸਥਿਤ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਤਾਲਿਬਾਨ ਹਮਲੇ ਦੇ ਖਤਰੇ ਕਾਰਨ ਦੇਰ ਰਾਤ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਹੈ। ਧਾਰਮਿਕ ਆਗੂ ਨੇ ਕਿਹਾ ਕਿ ਉਹਨਾਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਚ ਸੋਮਵਾਰ ਨੂੰ ਧਾਰਮਿਕ ਸੇਵਾਵਾਂ ਦੀ ਸਮਾਪਤੀ ਤੋਂ ਬਾਅਦ ਇਵੈਕੂਈ ਟਰੱਸਟ ਪ੍ਰਾਪਟੀ ਬੋਰਡ (ਈ.ਟੀ.ਪੀ.ਬੀ.) ਦੇ ਅਧਿਕਾਰੀਆਂ ਵੱਲੋਂ ਇਹਨਾਂ ਖਤਰਿਆਂ ਬਾਰੇ ਸੂਚਿਤ ਕੀਤਾ ਗਿਆ ਹੈ।
ਨੇਤਾ ਨੇ ਲਾਹੌਰ ਅਤੇ ਨਨਕਾਣਾ ਸਾਹਿਬ ਦੇ ਸਿੱਖਾਂ ਦੀ ਸੁਰੱਖਿਆ ਵਿਵਸਥਾ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਅਪੀਲ ਕੀਤੀ।ਧਾਰਮਿਕ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਾਨੂੰ ਈ.ਟੀ.ਪੀ.ਬੀ. ਦੇ ਨਾਲ ਰਿਹਾਇਸ਼ੀ ਪਤਾ, ਮੋਬਾਇਲ ਨੰਬਰ ਆਦਿ ਸਮੇਤ ਆਪਣਾ ਵੇਰਵਾ ਸਾਂਝਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਾਡੀ ਸੁਰੱਖਿਆ ਦੇ ਮੁੱਦੇ 'ਤੇ ਪੁਲਸ ਨਾਲ ਚਰਚਾ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਵੱਲੋਂ ਸੁਰੱਖਿਆ ਸਹਾਇਤਾ ਨਾ ਮਿਲਣ 'ਤੇ ਬੌਖਲਾਇਆ ਪਾਕਿ, ਕੁਰੈਸ਼ੀ ਨੇ ਕਹੀ ਇਹ ਗੱਲ
ਖੁਫੀਆ ਸੂਤਰਾਂ ਨੇ ਕਿਹਾਕਿ ਸੋਮਵਾਰ ਨੂੰ ਪਾਕਿਸਤਾਨ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਤੋਂ ਅਫਗਾਨਿਸਤਾਨ ਦੇ ਪਾਬੰਦੀਸ਼ੁਦਾ ਸੰਗਠਨ ਬਲੋਚਿਸਤਾਨ ਰੀਪਬਲਿਕ ਆਰਮੀ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਤੋਂ ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਸੰਗਠਨ ਦਾ ਤਾਲਿਬਾਨ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਸੀ.ਟੀ.ਡੀ. ਨੇ ਅਪ੍ਰੈਲ ਵਿਚ ਵੀ ਅਫਗਾਨਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨਾਲ ਜੁੜੇ ਚਾਰ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਵਿਚੋਂ 2 ਲਾਹੌਰ ਅਤੇ 2 ਰਾਵਲਪਿੰਡੀ ਤੋਂ ਫੜੇ ਗਏ ਸਨ।
ਲਾਹੌਰ ਅਤੇ ਨਨਕਾਣਾ ਸਾਹਿਬ ਵਿਚ ਸਿੱਖਾਂ ਲਈ ਖਤਰਾ ਅਫਗਾਨਿਸਤਾਨ ਵਿਚ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ ਦੇ ਬਾਰੇ ਵਿਚ ਦੇਖਿਆ ਜਾ ਰਿਹਾ ਹੈ। ਨਨਕਾਣਾ ਸਾਹਿਬ ਦੇ ਰਹਿਣ ਵਾਲੇ ਇਕ ਸਿੱਖ ਨੇ ਆਪਣਾ ਨਾਮ ਨਾ ਦੱਸਣ ਦ ਸ਼ਰਤ 'ਤੇ ਕਿਹਾ ਕਿ ਉਸ ਨੇ ਪੁਲਸ ਨੂੰ ਆਪਣਾ ਵੇਰਵਾ ਦੇ ਦਿੱਤਾ ਹੈ। ਸਾਨੂੰ ਸਿੱਧੇ ਤੌਰ 'ਤੇ ਕਈ ਧਮਕੀ ਨਹੀਂ ਮਿਲੀ ਪਰ ਸਾਨੂੰ ਈ.ਟੀ.ਪੀ.ਬੀ. ਵੱਲੋਂ ਦੱਸਿਆ ਗਿਆ ਹੈ ਕਿ ਸਿੱਖਾਂ ਨੂੰ ਅੱਤਵਾਦੀ ਸੰਗਠਨ ਤੋਂ ਖਤਰਾ ਹੈ। ਇਸ ਲਈ ਸਰਕਾਰ ਸੁਰੱਖਿਆ ਵਿਵਸਥਾ ਕਰਨ ਲਈ ਸਾਡਾ ਡਾਟਾ ਇਕੱਠਾ ਕਰ ਰਹੀ ਹੈ। ਉੱਧਰ ਈ.ਟੀ.ਪੀ.ਬੀ. ਦੇ ਪ੍ਰਧਾਨ ਡਾਕਟਰ ਆਮੇਰ ਅਹਿਮਦ ਨੇ ਸਿੱਖਾਂ ਨੂੰ ਉਹਨਾਂ ਨਾਲ ਆਪਣਾ ਵੇਰਵਾ ਸਾਂਝਾ ਕਰਨ ਲਈ ਕਹਿਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ। ਆਮੇਰ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕਰਦੇ ਹਾਂ। ਪਾਕਿਸਤਾਨ ਵਿਚ ਸਿੱਖਾਂ ਨੂੰ ਕੋਈ ਖਤਰਾ ਨਹੀਂ ਹੈ।
ਨੋਟ- ਪਾਕਿ 'ਚ ਸਿੱਖਾਂ 'ਤੇ ਤਾਲਿਬਾਨੀ ਹਮਲੇ ਦਾ ਖਤਰਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।