ਪਾਕਿ ਰੇਲ ਮੰਤਰੀ ਦੀ ਨਵੀਂ ਧਮਕੀ, ਕਿਹਾ-‘ਸਾਡੇ ਕੋਲ 120-250g ਦੇ ਪਰਮਾਣੂ ਬੰਬ’
Monday, Sep 02, 2019 - 12:51 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਕਸ਼ਮੀਰ ਵਿਚੋਂ ਧਾਰਾ 370 ਹਟਣ ਦੇ ਬਾਅਦ ਤੋਂ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਇਕ ਵਾਰ ਫਿਰ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਰਸ਼ੀਦ ਨੇ ਕਿਹਾ,‘‘ਪਾਕਿਸਤਾਨ ਕੋਲ 125-250 ਗ੍ਰਾਮ ਦੇ ਪਰਮਾਣੂ ਬੰਬ ਹਨ ਜੋ ਇਕ ਸੀਮਤ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।’’ ਉਨ੍ਹਾਂ ਨੇ ਕਿਹਾ,‘‘ਭਾਰਤ ਨੇ ਦੋ ਸਿਆਸੀ ਗਲਤੀਆਂ ਕੀਤੀਆਂ। ਇਕ ਭਾਰਤ ਨੇ ਪਰਮਾਣੂ ਬੰਬ ਦਾ ਪਰੀਖਣ ਕੀਤਾ। ਜੇਕਰ ਭਾਰਤ ਅਜਿਹਾ ਨਾ ਕਰਦਾ ਤਾਂ ਪਾਕਿਸਤਾਨ ਵੀ ਪਰੀਖਣ ਨਾ ਕਰਦਾ। ਫਿਰ ਦੂਜੀ ਗਲਤੀ ਪੀ.ਐੱਮ. ਨਰਿੰਦਰ ਮੋਦੀ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਕਰ ਦਿੱਤੀ ਹੈ। ਇਹ ਮੋਦੀ ਦੀ ਵੱਡੀ ਗਲਤੀ ਹੈ ਕਿ ਉਹ ਸੋਚਦੇ ਹਨ ਕਿ ਕਸ਼ਮੀਰੀ ਆਪਣੀ ਆਜ਼ਾਦੀ ਦੀ ਲੜਾਈ ਛੱਡ ਦੇਣਗੇ। ਹੁਣ ਕਸ਼ਮੀਰ ਦਾ ਮੁੱਦਾ ਪੂਰੀ ਦੁਨੀਆ ਵਿਚ ਗੂੰਜੇਗਾ।’’
ਰੇਲ ਮੰਤਰੀ ਰਸ਼ੀਦ ਅਕਤੂਬਰ-ਨਵੰਬਰ ਵਿਚ ਦੋਹਾਂ ਦੇਸ਼ਾਂ ਵਿਚਾਲੇ ਯੁੱਧ ਦੀ ਤਰੀਕ ਦੀ ਭਵਿੱਖਬਾਣੀ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ,‘‘ਸਾਡੇ ਕੋਲ ਪਰਮਾਣੂ ਹਮਲੇ ਦੇ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ। ਸਾਡੇ ਕੋਲ ਸਮਾਰਟ ਬੰਬ ਹਨ। ਸਾਡੀ ਸੋਚ ਟਾਰਗੇਟਿਡ ਹੋਣੀ ਚਾਹੀਦੀ ਹੈ। ਜੇਕਰ ਕੋਈ ਪਾਕਿਸਤਾਨ ਸੀਮਾ ਵੱਲ ਵੱਧਦਾ ਹੈ ਤਾਂ ਸਾਡੇ ਕੋਲ ਸਮਾਰਟ ਬੰਬ ਹਨ। ਇਹ ਬੰਬ ਜਿੱਥੇ ਹਥਿਆਰ ਹੋਣਗੇ ਉਸ ਜਗ੍ਹਾ ਨੂੰ ਹੀ ਨਿਸ਼ਾਨਾ ਬਣਾਉਣਗੇ।’’
ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਰਸ਼ੀਦ ਨੇ ਕਿਹਾ ਕੀ ਤੁਸੀਂ ਚਾਹੁੰਦੇ ਹੋ ਅਸੀਂ ਦੇਸ਼ ਗਵਾ ਦਈਏ। ਜੇਕਰ ਪਾਕਿਸਤਾਨ ਦੀ ਸੁਰੱਖਿਆ ਦੀ ਨੌਬਤ ਆਈ ਤਾਂ ਅਸੀਂ ਸਾਰੇ ਵਿਕਲਪ ਵਰਤਾਂਗੇ। ਰਸ਼ੀਦ ਨੇ ਐੱਨ.ਆਰ.ਸੀ. (ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ,‘‘ਮੋਦੀ ਨੇ ਟਰੰਪ ਸਾਹਮਣੇ ਖਤਰਨਾਕ ਵਾਕ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਇਕ ਦੇਸ਼ ਸਨ। ਭਾਰਤ ਆਪਣੀ ਮੁਸਲਿਮ ਆਬਾਦੀ ਨੂੰ ਨਿਸ਼ਾਨਾ ਬਣਾਉਣ ਲਈ ਅਸਾਮ ਵਿਚ ਐੱਨ.ਆਰ.ਸੀ. ਲਿਆਇਆ ਹੈ। ਭਾਰਤ ਵਿਚ ਹਾਲੇ ਵੀ ਕਈ ਪਾਕਿਸਤਾਨ ਬਣ ਸਕਦੇ ਹਨ।’’
ਰਸ਼ੀਦ ਨੇ ਗਿੱਦੜ ਧਮਕੀ ਦਿੰਦਿਆਂ ਕਿਹਾ ਕਿ ਮੋਦੀ ਯੁੱਧ ਤੋਂ ਬਚਣ ਦੀ ਕੋਸ਼ਿਸ਼ ਕਰਨ ਨਹੀਂ ਤਾਂ ਇਹ ਦੋਵੇਂ ਪਰਮਾਣੂ ਸੰਪੰਨ ਦੇਸ਼ਾਂ ਵਿਚਾਲੇ ਆਖਰੀ ਯੁੱਧ ਹੋਵੇਗਾ। ਉਨ੍ਹਾਂ ਨੇ ਕਿਹਾ,‘‘ਭਾਰਤ ਨਾਲ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਉਹ ਸੰਯੁਕਤ ਰਾਸ਼ਟਰ ਦੇ ਪ੍ਰਬੰਧਾਂ ਤਹਿਤ ਕਸ਼ਮੀਰ ਤੋਂ ਆਪਣਾ ਫੈਸਲਾ ਵਾਪਸ ਲਵੇਗਾ।’’ ਰਸ਼ੀਦ ਨੇ ਇਹ ਵੀ ਕਿਹਾ ਕਿ ਕਸ਼ਮੀਰ ’ਤੇ ਸਰਕਾਰ ਅਤੇ ਵਿਰੋਧੀ ਧਿਰ ਇਕਜੁੱਟ ਹਨ।