POK ''ਚ ਸ਼ਾਰਦਾ ਮੰਦਰ ਕੋਰੀਡੋਰ ਖੋਲ੍ਹਣ ''ਤੇ ਹਾਲੇ ਕੋਈ ਫੈਸਲਾ ਨਹੀਂ : ਪਾਕਿ
Friday, Mar 29, 2019 - 11:20 AM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਭਾਰਤ ਦੇ ਹਿੰਦੂ ਸ਼ਰਧਾਲੂਆਂ ਲਈ ਸ਼ਾਰਦਾ ਮੰਦਰ ਕੋਰੀਡੋਰ ਖੋਲ੍ਹਣ 'ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ। ਅਜਿਹੇ ਕਦਮ ਚੁੱਕਣ ਲਈ 'ਸਕਰਾਤਮਕ ਮਾਹੌਲ' ਹੋਣਾ ਚਾਹੀਦਾ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਸਰਕਾਰ ਨੇ ਇਕ ਕੋਰੀਡੋਰ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਭਾਰਤ ਦੇ ਹਿੰਦੂ ਸ਼ਰਧਾਲੂਆਂ ਨੂੰ ਪ੍ਰਾਚੀਨ ਹਿੰਦੂ ਮੰਦਰ ਅਤੇ ਸੱਭਿਆਚਾਰਕ ਸਥਲ ਤੱਕ ਜਾਣ ਦਾ ਮੌਕਾ ਮਿਲੇਗਾ।
ਇੱਥੇ ਵੀਰਵਾਰ ਨੂੰ ਇਕ ਹਫਤਾਵਰੀ ਪੱਤਰਕਾਰ ਸੰਮੇਲਨ ਵਿਚ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਸ ਖਬਰ ਨੂੰ ਖਾਰਿਜ ਕਰਦਿਆਂ ਕਿਹਾ,''ਮੇਰੀ ਜਾਣਕਾਰੀ ਮੁਤਾਬਕ ਹਾਲੇ ਸ਼ਾਰਦਾ ਮੰਦਰ ਕੋਰੀਡੋਰ ਖੋਲ੍ਹਣ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ।'' ਉਨ੍ਹਾਂ ਨੇ ਕਿਹਾ,''ਅਜਿਹੇ ਸਾਰੇ ਮੁੱਦਿਆਂ 'ਤੇ ਅੱਗੇ ਵਧਣ ਲਈ ਇਕ ਸਕਰਾਤਮਕ ਮਾਹੌਲ ਦੀ ਲੋੜ ਹੁੰਦੀ ਹੈ।'' ਅਖਬਾਰ ਨੇ ਆਪਣੀ ਖਬਰ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੈਸ਼ਨਲ ਅਸੈਂਬਲੀ ਮੈਂਬਰ ਰਮੇਸ਼ ਕੁਮਾਰ ਦੇ ਹਵਾਲੇ ਨਾਲ ਕਿਹਾ ਸੀ,''ਪਾਕਿਸਤਾਨ ਨੇ ਸ਼ਾਰਦਾ ਮੰਦਰ ਖੋਲ੍ਹਣ ਦਾ ਫੈਸਲਾ ਲਿਆ ਹੈ। ਮੌਜੂਦਾ ਸਾਲ ਵਿਚ ਇਸ ਪ੍ਰਾਜੈਕਟ 'ਤੇ ਕੰਮ ਚਾਲੂ ਹੋ ਜਾਵੇਗਾ ਜਿਸ ਦੇ ਬਾਅਦ ਪਾਕਿਸਤਾਨ ਵਿਚ ਹਿੰਦੂ ਵੀ ਇਸ ਸਥਲ ਦਾ ਦੌਰਾ ਕਰ ਸਕਣਗੇ।''
ਦੱਸਣਯੋਗ ਹੈ ਕਿ 237 ਈਸਾ ਪੂਰਵ ਸਮਰਾਟ ਅਸ਼ੋਕ ਦੇ ਸ਼ਾਸਨਕਾਲ ਦੌਰਾਨ ਸਥਾਪਿਤ ਸ਼ਾਰਦਾ ਪੀਠ ਕਰੀਬ 5,000 ਸਾਲ ਪੁਰਾਣਾ ਮੰਦਰ ਹੈ। ਇਹ ਮੰਦਰ ਕਸ਼ਮੀਰੀ ਪੰਡਤਾਂ ਦੇ ਤਿੰਨ ਮਸ਼ਹੂਰ ਪਵਿੱਤਰ ਸਥਲਾਂ ਵਿਚੋਂ ਇਕ ਹੈ। ਉਨ੍ਹਾਂ ਦੇ ਦੋ ਹੋਰ ਪਵਿੱਤਰ ਸਥਲ ਅਮਰਨਾਥ ਮੰਦਰ ਅਤੇ ਅਨੰਤਨਾਗ ਸਥਿਤ ਮਾਰਤੰਡ ਸੂਰਜ ਮੰਦਰ ਹੈ। ਕਸ਼ਮੀਰੀ ਪੰਡਤਾਂ ਦੇ ਸੰਗਠਨ ਸਦੀਆਂ ਤੋਂ ਸ਼ਾਰਦਾ ਪੀਠ ਕੋਰੀਡੋਰ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ।