ਪਾਕਿ ''ਚ ਗਰਭਵਤੀ ਈਸਾਈ ਮਹਿਲਾ ਨੂੰ ਮਾਰੀ ਗਈ ਗੋਲੀ

01/27/2020 11:41:20 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ 'ਤੇ ਹਮਲੇ ਦੀਆਂ ਘਟਨਾਵਾਂ ਰੁਕਦੀਆਂ ਨਜ਼ਰ ਨਹੀਂ ਆਉਂਦੀਆਂ। ਤਾਜ਼ਾ ਮਾਮਲੇ ਵਿਚ ਇਕ ਸਕੂਲ ਦੇ ਬਾਹਰ ਇੰਤਜ਼ਾਰ ਕਰ ਰਹੀ 36 ਸਾਲਾ ਗਰਭਵਤੀ ਮਹਿਲਾ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਇਸ ਮਗਰੋਂ ਮਹਿਲਾ ਦੀ ਹਾਲਤ ਗੰਭੀਰ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨੀ ਅਖਬਾਰ ਡਾਨ ਦੇ ਮੁਤਾਬਕ ਕਿਰਨ, ਜੋ 7 ਮਹੀਨੇ ਦੀ ਗਰਭਵਤੀ ਹੈ ਆਪਣੇ ਬੇਟੇ ਦੇ ਦਾਖਲੇ ਲਈ ਪਤੀ ਅਮਜ਼ਦ ਦੇ ਨਾਲ ਕੋਰਾਂਗੀ ਇਲਾਕੇ ਦੇ ਪਬਲਿਕ ਸਕੂਲ ਵਿਚ ਗਈ ਸੀ। 

ਉਸ 'ਤੇ ਬਾਈਕ ਸਵਾਰ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੀ ਕਾਰ ਦੇ ਅੰਦਰ ਆਪਣੇ ਪਤੀ ਅਤੇ ਬੇਟੇ ਦਾ ਸਕੂਲ ਤੋਂ ਪਰਤਣ ਦਾ ਇੰਤਜ਼ਾਰ ਕਰ ਰਹੀ ਸੀ। ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਮਗਰੋਂ ਮਹਿਲਾ ਨੂੰ ਤੁਰੰਤ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਇਕ ਗੋਲੀ ਨੇ ਉਸ ਦੀ ਛਾਤੀ ਵਿਚ ਜ਼ਖਮ ਕੀਤਾ ਜੋ ਉਸ ਦੀ ਬਾਂਹ ਵਿਚ ਲੱਗੀ। 

ਮੀਡੀਆ ਰਿਪੋਰਟਾਂ ਮੁਤਾਬਕ ਈਸਾਈ ਭਾਈਚਾਰੇ ਨਾਲ ਸਬੰਧਤ ਮਹਿਲਾ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਇਕ ਪੁਲਸ ਅਧਿਕਾਰੀ ਨੇ ਕਿਸੇ ਵੀ ਡਕੈਤੀ ਦੀ ਕੋਸ਼ਿਸ਼ ਨੂੰ ਖਾਰਿਜ ਕੀਤਾ ਹੈ। ਉਹਨਾਂ ਦਾ ਕਹਿਣਾ ਹੈਕਿ ਹਮਲਾਵਰ ਮਹਿਲਾ ਦਾ ਕੋਈ ਕੀਮਤੀ ਸਾਮਾਨ ਨਹੀਂ ਲੈ ਕੇ ਗਏ। ਪਰਿਵਾਰ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਫਿਲਹਾਲ ਪਤੀ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਸ਼ੱਕੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


Vandana

Content Editor

Related News