ਮੁਸ਼ੱਰਫ ਦੀ ਤਬੀਅਤ ਵਿਗੜੀ, ਦੁਬਈ ਹਸਪਤਾਲ ''ਚ ਭਰਤੀ

12/03/2019 9:56:41 AM

ਦੁਬਈ (ਬਿਊਰੋ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਤਬੀਅਤ ਸੋਮਵਾਰ ਨੂੰ ਅਚਾਨਕ ਵਿਗੜ ਗਈ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਮੁਤਾਬਕ ਮੁਸ਼ੱਰਫ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹਨ। ਪਾਕਿਸਤਾਨੀ ਚੈਨਲਾਂ ਦੀ ਰਿਪੋਰਟ ਮੁਤਾਬਕ 75 ਸਾਲਾ ਮੁਸ਼ੱਰਫ ਨੂੰ ਦਿਲ ਸਬੰਧੀ ਮੁਸ਼ਕਲ ਹੋਈ ਅਤੇ ਉਨ੍ਹਾਂ ਦਾ ਬੀ.ਪੀ. ਵੀ ਕਾਫੀ ਵਧਿਆ ਹੋਇਆ ਹੈ। 

ਦੱਸਿਆ ਜਾ ਰਿਹਾ ਹੈ ਕਿ ਮੁਸ਼ਰੱਫ ਅਮੀਲਾਇਡੋਸਿਸ ਜਿਹੀ ਗੰਭੀਰ ਬੀਮਾਰੀ ਨਾਲ ਪੀੜਤ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਮੁਸ਼ੱਰਫ ਦੀ ਬੀਮਾਰੀ ਬਾਰੇ ਪਿਛਲੇ ਸਾਲ ਅਕਤੂਬਰ ਵਿਚ ਪਤਾ ਚੱਲਿਆ ਸੀ, ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਹਰੇਕ 3 ਮਹੀਨੇ ਬਾਅਦ ਲੰਡਨ ਜਾਣਾ ਪੈਂਦਾ ਹੈ। ਉਹ ਲਗਾਤਾਰ ਕਮਜ਼ੋਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਤੁਰਨ-ਫਿਰਨ ਵਿਚ ਵਿਚ ਕਾਫੀ ਮੁਸ਼ਕਲ ਹੋ ਰਹੀ ਹੈ। ਫਿਲਹਾਲ ਉਨ੍ਹਾਂ ਦੀ ਬੀਮਾਰੀ ਸੰਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਇੱਥੇ ਦੱਸਣਯੋਗ ਹੈ ਕਿ ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿਚ ਰਹਿ ਰਹੇ ਹਨ, ਉਨ੍ਹਾਂ 'ਤੇ 2007 ਵਿਚ ਸੰਵਿਧਾਨ ਨੂੰ ਮੁਲਤਵੀ ਕਰਨ ਦੇ ਇਕ ਮਾਮਲੇ ਵਿਚ ਰਾਜਧ੍ਰੋਹ ਦੇ ਦੋਸ਼ ਲਗਾਏ ਗਏ ਹਨ, ਸਾਲ 2014 ਵਿਚ ਇਸ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਮੰਨਿਆ ਹੈ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਮਰਕੈਦ ਜਾਂ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ।


Vandana

Content Editor

Related News